Karachi Dream Bazaar Mall Loot Viral Video: ਆਏ ਦਿਨ ਸੋਸ਼ਲ ਮੀਡੀਆ ਉੱਤੇ ਕੁਝ ਨਾਂ ਕੁਝ ਵਾਇਰਲ ਹੁੰਦਾ ਰਹਿੰਦਾ ਹੈ। ਹਾਲ ਹੀ ਵਿੱਚ ਗੁਆਂਢੀ ਮੁਲਕ ਪਾਕਿਸਤਾਨ ਤੋਂ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ। ਇਹ ਵੀਡੀਓ ਇੱਕ ਸ਼ਾਪਿੰਗ ਮਾਲ ਦੀ ਹੈ ਜਿਸ ਦੀ ਓਪਨਿੰਗ ਹੁੰਦੇ ਹੀ ਮਹਿਜ਼ ਚੰਦ ਮਿੰਟਾ ਵਿੱਚ ਭੀੜ ਵੱਲੋਂ ਭਾਰੀ ਲੁੱਟ ਕੀਤੀ ਗਈ ਤੇ ਮਾਲ ਦੀਆਂ ਸਾਰੀਆਂ ਦੁਕਾਨਾਂ ਖਾਲੀ ਹੋ ਗਈਆਂ।
ਪਾਕਿਸਤਾਨ ਦੀ ਸਥਾਨਕ ਮੀਡੀਆ ਰਿਪੋਰਟਾਂ ਦੇ ਮੁਤਾਬਕ, ਪਾਕਿਸਤਾਨ ਦੇ ਕਰਾਚੀ ਸ਼ਹਿਰ ਵਿੱਚ ਡਰੀਮ ਬਾਜ਼ਾਰ ਨਾਮ ਦੇ ਇੱਕ ਸ਼ਾਪਿੰਗ ਮਾਲ ਦਾ ਸ਼ਾਨਦਾਰ ਉਦਘਾਟਨ ਕੀਤਾ ਗਿਆ। ਉਦਘਾਟਨ ਦੇ ਕੁਝ ਮਿੰਟਾਂ ਦੇ ਅੰਦਰ ਹੀ ਲੋਕਾਂ ਦਾ ਇੱਕ ਸਮੂਹ ਮਾਲ ਵਿੱਚ ਦਾਖਲ ਹੋ ਗਿਆ ਅਤੇ ਲੁੱਟਮਾਰ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਵੱਡੇ ਪੱਧਰ 'ਤੇ ਭੰਨਤੋੜ ਕੀਤੀ ਅਤੇ ਫਿਰ ਸਾਮਾਨ ਲੈ ਕੇ ਭੱਜਣ ਲੱਗੇ, ਸਥਿਤੀ ਇਹ ਸੀ ਕਿ ਜਿਸ ਦੇ ਹੱਥ ਜੋ ਆਇਆ ਲੋਕ ਉਹ ਚੀਜ਼ ਲੈ ਕੇ ਭੱਜ ਗਏ।
ਕਰਾਚੀ ਵਿੱਚ ਖੋਲ੍ਹੇ ਗਏ ਇਸ ਮਾਲ ਨੂੰ ਵਿਦੇਸ਼ ਵਿੱਚ ਰਹਿਣ ਵਾਲੇ ਇੱਕ ਪਾਕਿਸਤਾਨੀ ਕਾਰੋਬਾਰੀ ਨੇ ਬਣਾਇਆ ਹੈ। ਮਾਲ ਦੇ ਖੁੱਲਣ ਤੋਂ ਪਹਿਲਾਂ ਸੋਸ਼ਲ ਮੀਡੀਆ 'ਤੇ ਬਹੁਤ ਜ਼ਿਆਦਾ ਪ੍ਰਚਾਰ ਕੀਤਾ ਗਿਆ ਸੀ ਅਤੇ ਇਸ ਦੇ ਉਦਘਾਟਨ ਵਾਲੇ ਦਿਨ ਗਾਹਕਾਂ ਨੂੰ ਆਕਰਸ਼ਿਤ ਕਰਨ ਲਈ ਵਿਸ਼ੇਸ਼ ਛੋਟਾਂ ਦੀ ਪੇਸ਼ਕਸ਼ ਕੀਤੀ ਗਈ ਸੀ। ਹਾਲਾਂਕਿ ਬਾਅਦ ਦੁਪਹਿਰ 3 ਵਜੇ ਜਦੋਂ ਉਦਘਾਟਨ ਦੀ ਪ੍ਰਕਿਰਿਆ ਪੂਰੀ ਹੋ ਗਈ ਅਤੇ ਮਾਲ ਦੇ ਦਰਵਾਜ਼ੇ ਆਮ ਲੋਕਾਂ ਲਈ ਖੋਲ੍ਹੇ ਗਏ ਤਾਂ ਅਚਾਨਕ ਲੋਕਾਂ ਦੀ ਭੀੜ ਨੇ ਅੰਦਰ ਆ ਕੇ ਇਹ ਘਟਨਾ ਨੂੰ ਅੰਜਾਮ ਦਿੱਤਾ। ਇਸ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
ਇਹ ਮਾਲ ਕਰਾਚੀ ਦੇ ਗੁਲਿਸਤਾਨ-ਏ-ਜੌਹਰ ਇਲਾਕੇ ਵਿੱਚ ਹੈ। ਵੀਡੀਓ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਲੋਕਾਂ ਨੇ ਭੀੜ 'ਤੇ ਕਾਬੂ ਪਾਉਣ ਦੀ ਪੂਰੀ ਕੋਸ਼ਿਸ਼ ਕਰਨ ਦੇ ਬਾਵਜੂਦ ਦੁਕਾਨ 'ਚ ਜ਼ਬਰਦਸਤੀ ਦਾਖਲ ਹੋ ਕੇ ਦੁਕਾਨਾਂ ਨੂੰ ਨੁਕਸਾਨ ਪਹੁੰਚਾਇਆ ਅਤੇ ਲੁੱਟ-ਖੋਹ ਤੋਂ ਬਾਅਦ ਦਾ ਨਜ਼ਾਰਾ ਵੀ ਇਸ ਵੀਡੀਓ 'ਚ ਸਾਫ ਦੇਖਿਆ ਜਾ ਸਕਦਾ ਹੈ। ਪੂਰੀ ਇਮਾਰਤ ਖਸਤਾ ਹਾਲਤ ਵਿੱਚ ਸੀ, ਫਰਸ਼ 'ਤੇ ਕੱਪੜੇ ਖਿੱਲਰੇ ਪਏ ਸਨ, ਸ਼ੀਸ਼ੇ ਦੇ ਟੁਕੜੇ ਵੀ ਜ਼ਮੀਨ ਉੱਤੇ ਬਿਖਰੇ ਪਏ ਸਨ।
ਇਸ ਵੀਡੀਓ 'ਤੇ ਸੋਸ਼ਲ ਮੀਡੀਆ ਯੂਜ਼ਰਸ ਨੇ ਕਮੈਂਟ ਕਰਦਿਆਂ ਕਿਹਾ ਕਿ ਪਾਕਿਸਤਾਨ ਦੇ ਨਾਗਰਿਕਾਂ 'ਚ ਨੈਤਿਕਤਾ ਵੀ ਖ਼ਤਮ ਹੋ ਗਈ ਹੈ। ਇੱਕ ਹੋਰ ਯੂਜ਼ਰ ਨੇ ਲਿਖਿਆ, ਤੁਸੀਂ ਅਜਿਹੇ ਦੇਸ਼ ਤੋਂ ਹੋਰ ਕੀ ਉਮੀਦ ਕਰ ਸਕਦੇ ਹੋ ਜਿੱਥੇ ਅਰਾਜਕਤਾ ਆਮ ਹੈ?