Ardas Sarbat De Bhale Di Team at Takht Sri Kesgarh Sahib : ਗਿੱਪੀ ਗਰੇਵਾਲ ਤੇ ਗੁਰਪ੍ਰੀਤ ਘੁੱਗੀ ਸਣੇ ਫਿਲਮ 'ਅਰਦਾਸ ਸਰਬੱਤ ਦੇ ਭਲੇ ਦੀ' ਦੀ ਸਮੁੱਚੀ ਸਟਾਰ ਕਾਸਟ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਈ ਤੇ ਉਨ੍ਹਾਂ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ।
ਫਿਲਮ ਦੀ ਸਾਰੀ ਟੀਮ ਨੇ ਗੁਰੂਘਰ ਵਿੱਚ ਮੱਥਾ ਟੇਕਿਆ ਤੇ ਸਮੁੱਚੀ ਮਨੁਖਤਾ ਦੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਇਸ ਮਗਰੋਂ ਉਨ੍ਹਾਂ ਨੇ ਗੁਰੂ ਕੀ ਇਲਾਹੀ ਬਾਣੀ ਦਾ ਆਨੰਦ ਮਾਣਿਆ।
ਇਸ ਮੌਕੇ ਗੱਲ ਕਰਦੇ ਦੋਵੇਂ ਅਦਾਕਾਰਾਂ ਨੇ ਕਿਹਾ ਕਿ ਇਹ ਫਿਲਮ ਬਹੁਤ ਮਿਹਨਤ ਤੋਂ ਬਾਅਦ ਬਣਾਈ ਗਈ ਤੇ ਇੱਕ ਵੱਖਰੇ ਵਿਸ਼ੇ ਤੇ ਬਣਾਈ ਗਈ ਇਸ ਫਿਲਮ ਨੂੰ ਦਰਸ਼ਕ ਜਰੂਰ ਪਸੰਦ ਕਰਨਗੇ। ਗਿੱਪੀ ਗਰੇਵਾਲ ਨੇ ਕਿਹਾ ਕਿ ਖਾਸ ਤੌਰ ਤੇ ਇਸ ਫਿਲਮ ਨੂੰ ਬਣਾਉਣ ਤੋਂ ਪਹਿਲਾਂ ਜਿੱਥੇ ਬਹੁਤ ਸਾਰੀਆਂ ਗੱਲਾਂ ਦਾ ਧਿਆਨ ਰੱਖਿਆ ਗਿਆ ਉੱਥੇ ਫਿਲਮ ਬਣਾਉਣ ਤੋਂ ਬਾਅਦ ਬਹੁਤ ਸਾਰੇ ਸਿਆਣੇ ਲੋਕਾਂ ਨੂੰ ਇਹ ਫਿਲਮ ਦਿਖਾਈ ਗਈ ਤਾਂ ਜੋ ਲੋਕਾਂ ਦੇ ਸੁਝਾਅ ਅਤੇ ਰਾਵਾਂ ਨੂੰ ਜਾਣਨ ਤੋਂ ਬਾਅਦ ਹੀ ਇਸ ਫਿਲਮ ਨੂੰ ਰਿਲੀਜ਼ ਕੀਤਾ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਫਿਲਮ ਨੂੰ ਦੇਖਣ ਵਾਲੇ ਲੋਕਾਂ ਨੇ ਇਸ ਫਿਲਮ ਦੀ ਭਰਪੂਰ ਪ੍ਰਸ਼ੰਸ਼ਾ ਕੀਤੀ ਹੈ ਤੇ ਉਹਨਾਂ ਨੂੰ ਭਰਪੂਰ ਉਮੀਦ ਹੈ ਕਿ ਲੋਕ ਇਸ ਫਿਲਮ ਨੂੰ ਭਰਮਾ ਹੁੰਗਾਰਾ ਦੇਣਗੇ।
ਗਿੱਪੀ ਗਰੇਵਾਲ ਨੇ ਕਿਹਾ ਕਿ ਅੱਜ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪੁੱਜ ਕੇ ਉਨ੍ਹਾਂ ਨੂੰ ਬੇਹਦ ਖੁਸ਼ੀ ਹੋ ਰਹੀ। ਉਨ੍ਹਾਂ ਕਿਹਾ ਕਿ ਉਹ ਬਚਪਨ ਵਿੱਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਟਰਾਲੀ ਵਿੱਚ ਬੈਠ ਕੇ ਆਉਂਦੇ ਸਨ ਅਤੇ ਉਨ੍ਹਾਂ ਦੀਆਂ ਕਈ ਪੁਰਾਣੀਆਂ ਯਾਦਾਂ ਇਸ ਪਵਿੱਤਰ ਨਗਰੀ ਨਾਲ ਜੁੜੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਮੈਨੂੰ ਯਾਦ ਹੈ ਕਿ ਜਦੋਂ ਮੈਂ ਬਚਪਨ ਵਿੱਚ ਪਹਿਲੀ ਵਾਰ ਅਨੰਦਪੁਰ ਸਾਹਿਬ ਵਿਖੇ ਆਇਆ ਤਾਂ ਟਰਾਲੀ ਦੇ ਡਾਲੇ ਤੇ ਬੈਠ ਕੇ ਆਇਆ ਤੇ ਉਸ ਸਮੇਂ ਮੇਰੇ ਸੱਟ ਲੱਗੀ ਤੇ ਮੇਰਾ ਦੰਦ ਵੀ ਟੁੱਟ ਗਿਆ। ਉਨ੍ਹਾਂ ਨੇ ਕਿਹਾ ਪਰੰਤੂ ਉਹ ਬਹੁਤ ਪੁਰਾਣੀਆਂ ਗੱਲਾਂ ਨੇ ਉਸ ਤੋਂ ਬਾਅਦ ਉਨ੍ਹਾਂ ਵੱਲੋਂ ਸਿੱਖ ਪੰਥ ਦੇ ਸਾਰੇ ਤਖ਼ਤ ਸਾਹਿਬਾਨ ਦੀ ਯਾਤਰਾ ਕੀਤੀ ਤੇ ਅੱਜ ਮੁੜ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਦਾ ਮੌਕਾ ਮਿਲਿਆ ਹੈ ਤੇ ਉਹ ਬੇਹਦ ਖੁਸ਼ ਹਨ।
ਹੋਰ ਪੜ੍ਹੋ : ਜਸਬੀਰ ਜੱਸੀ ਨੇ ਕਰਨ ਔਜਲਾ 'ਤੇ ਲਾਈਵ ਸ਼ੋਅ ਦੌਰਾਨ ਜੁੱਤੀ ਸੁੱਟਣ ਦੀ ਕੀਤੀ ਨਿਖੇਧੀ, 'ਕਿਹਾ ਇਹ ਘਟੀਆ ਕੰਮ ਕਿਸੇ ਚਾਹੁੰਣ ਵਾਲੇ ਦਾ ਨਹੀਂ ਹੋ ਸਕਦਾ '
ਗੁਰਪ੍ਰੀਤ ਘੁੱਗੀ ਨੇ ਵੀ ਕਿਹਾ ਕਿ ਤਖਤ ਸ੍ਰੀ ਕੇਸਗੜ੍ਹ ਸਾਹਿਬ ਸਾਹਿਬੇ ਕਮਾਲ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਧਰਤੀ ਹੈ ਤੇ ਇਸ ਧਰਤੀ ਤੇ ਪੁੱਜ ਕੇ ਹਰ ਕਿਸੇ ਦੀ ਅਰਦਾਸ ਪੂਰੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਫਿਲਮ ਅਰਦਾਸ ਬਣ ਚੁੱਕੀ ਹੈ ਤੇ ਉਸ ਦੀ ਪ੍ਰਮੋਸ਼ਨ ਵੀ ਖਤਮ ਹੋ ਚੁੱਕੀ ਹੈ ਤੇ ਸਾਡੇ ਮਨ ਵਿੱਚ ਸੀ ਕਿ ਖਾਲਸਾ ਪੰਥ ਦੀ ਇਸ ਪਵਿੱਤਰ ਨਗਰੀ ਤੇ ਪੁੱਜ ਕੇ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ ਜਾਵੇ ਤੇ ਅੱਜ ਅਸੀਂ ਫਿਲਮ ਦੇ ਰਿਲੀਜ਼ ਤੋਂ ਪਹਿਲਾਂ ਬੇਹਦ ਖੁਸ਼ ਹਾਂ। ਉਨ੍ਹਾਂ ਨੇ ਕਿਹਾ ਕਿ ਉਹ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਸਾਰੇ ਲੋਕ ਇਸ ਫਿਲਮ ਨੂੰ ਦੇਖਣ। ਉਨ੍ਹਾਂ ਕਿਹਾ ਕਿ ਉਹ ਹਰ ਇੱਕ ਵਿਅਕਤੀ ਦੇ ਲਈ ਵੀ ਅਰਦਾਸ ਕਰਦੇ ਹਨ ਕੇ ਪਰਮਾਤਮਾ ਹਰ ਕਿਸੇ ਨੂੰ ਚੜ੍ਹਦੀ ਕਲਾ ਬਖਸ਼ੇ।