Punjabi Singer Reshma Life story : ਮੌਜੂਦਾ ਸਮੇਂ 'ਚ ਬੇਹੱਦ ਘੱਟ ਲੋਕ ਹੀ ਰੇਸ਼ਮਾ (Reshma) ਬਾਰੇ ਜਾਣਦੇ ਹੋਣਗੇ। ਸੰਗੀਤ ਨੂੰ ਇਬਾਦਤ ਮੰਨਣ ਵਾਲੀ ਇਹ ਗਾਇਕਾ ਪੈਦਾ ਤਾਂ ਭਾਰਤ 'ਚ ਹੋਈ ਸੀ ਪਰ ਉਹ ਪਾਕਿਸਤਾਨ ਵਿਖੇ ਸੰਗੀਤ ਦਾ ਸਿਤਾਰਾ ਬਣ ਕੇ ਚਮਕੀ। ਕਿਉਂਕਿ ਪੈਦਾ ਹੋਣ ਦੇ ਕੁਝ ਹੀ ਸਮੇਂ ਬਾਅਦ ਉਸ ਨੂੰ ਤੇ ਉਸ ਪਰਿਵਾਰ 1947 ਦੀ ਵੰਡ ਦਾ ਸੰਤਾਪ ਝੱਲਣਾ ਪਿਆ ਸੀ, ਆਓ ਜਾਣਦੇ ਹਾਂ ਗਾਇਕਾ ਰੇਸ਼ਮਾ ਦੀ ਜ਼ਿੰਦਗੀ ਨਾਲ ਜੁੜੀ ਖ਼ਾਸ ਗੱਲਾਂ ਬਾਰੇ।
ਰੇਸ਼ਮਾ ਦਾ ਜਨਮ
ਸਾਲ 1947 'ਚ ਦੇਸ਼ ਦੀ ਵੰਡ ਤੋਂ ਲਗਭਗ ਇੱਕ ਮਹੀਨਾ ਪਹਿਲਾਂ ਥਾਰ ਦੇ ਰੇਗਿਸਤਾਨ 'ਚ ਪੈਦਾ ਹੋਈ ਰੇਸ਼ਮਾ ਭਾਰਤ-ਪਾਕਿਸਤਾਨ ਦੀ ਵੰਡ ਤੋਂ ਬਾਅਦ ਪਰਿਵਾਰ ਨਾਲ ਪਾਕਿਸਤਾਨ 'ਚ ਜਾ ਕੇ ਵਸ ਗਈ। ਬਾਅਦ 'ਚ ਰੇਸ਼ਮਾ ਨੇ ਆਪਣੀ ਗਾਇਕੀ ਰਾਹੀਂ ਪੂਰੀ ਦੁਨੀਆ 'ਚ ਨਾਮ ਕਮਾਇਆ ਤੇ ਲੋਕ ਗੀਤਾਂ ਰਾਹੀਂ ਆਪਣੀ ਪਛਾਣ ਬਣਾਈ। ਇਸ ਗਾਇਕਾ ਦਾ ਨਾਂ ਭਾਰਤ ਤੇ ਪਾਕਿਸਤਾਨ ਦੇ ਗਾਇਕਾਂ ਦੀ ਪਹਿਲੀ ਕਤਾਰ ਵਿੱਚ ਆਉਂਦਾ ਹੈ। ਰੇਸ਼ਮਾ ਦੀ ਆਵਾਜ਼ ਨੂੰ ਪੂਰੀ ਦੁਨੀਆ 'ਚ ਕਾਫੀ ਪਸੰਦ ਕੀਤਾ ਗਿਆ।
VIDEO
ਰੇਸ਼ਮਾ ਦਾ ਜਨਮ ਭਾਰਤ ਦੇ ਰਾਜਸਥਾਨ ਸੂਬੇ ਦ ਬੀਕਾਨੇਰ ਸ਼ਹਿਰ 'ਚ ਰਹਿਣ ਵਾਲੇ ਇੱਕ ਵਣਜਾਰੇ ਪਰਿਵਾਰ 'ਚ ਹੋਇਆ ਸੀ। ਰੇਸ਼ਮਾ ਦੇ ਪਿਤਾ ਹਾਜੀ ਮੁਹੰਮਦ ਮੁਸ਼ਤਾਕ ਵਣਜਾਰੇ ਸਨ, ਜੋ ਕਿ ਊਠਾਂ ਦੇ ਕਾਫ਼ਲੇ ਨਾਲ ਜਾਂਦੇ ਸੀ ਤੇ ਉਹ ਊਠ, ਘੋੜੇ, ਗਾਵਾਂ ਤੇ ਮੱਝਾਂ ਲੈ ਕੇ ਰਾਜਸਥਾਨ ਪਰਤ ਆਉਂਦੇ ਸੀ। ਰੇਸ਼ਮਾ ਅਜੇ ਇੱਕ ਮਹੀਨੇ ਦੀ ਹੀ ਹੋਈ ਸੀ ਕਿ ਉਸ ਮੁਲਕ ਨੂੰ ਵੰਡ ਦਾ ਸੰਤਾਪ ਝੱਲਣਾ ਪਿਆ। ਉਨ੍ਹਾਂ ਦੇ ਪਰਿਵਾਰ ਨੂੰ ਪਾਕਿਸਤਾਨ ਜਾਣਾ ਪਿਆ ਅਤੇ ਵਣਜਾਰਿਆਂ ਦੇ ਇਸ ਕਾਫ਼ਲੇ ਨੇ ਇਸਲਾਮ ਕਬੂਲ ਕਰ ਕੇ ਸਿੰਧ ਦੀ ਰਾਜਧਾਨੀ ਕਰਾਚੀ (ਪਾਕਿਸਤਾਨ) ਨੂੰ ਆਪਣੇ ਰੈਣ-ਬਸੇਰੇ ਬਣਾਉਣਾ ਪਿਆ।
ਕਿਹਾ ਜਾਂਦਾ ਹੈ ਕਿ ਰੇਸ਼ਮਾ ਨੇ ਕਦੇ ਵੀ ਕਿਸੇ ਵੀ ਉਸਤਾਦ ਕੋਲੋਂ ਗਾਇਕੀ ਦੀ ਸਿੱਖਿਆ ਹਾਸਿਲ ਨਹੀਂ ਕੀਤੀ ਸੀ ਤੇ ਨਾਂ ਕਿਸੇ ਗਾਇਕ ਘਰਾਣੇ ਦੇ ਵਿੱਚ ਜਨਮ ਲਿਆ ਸੀ, ਉਹ ਮਹਿਜ਼ ਆਪਣੇ ਆਪ ਲਈ ਖੁੱਲ੍ਹੇ ਅਸਮਾਨ ਹੇਠ ਬੈਠ ਕੇ ਲੋਕ ਗੀਤ ਗਾਉਂਦੀ ਸੀ।
ਰੇਸ਼ਮਾ ਦਾ ਪਹਿਲਾ ਮਕਬੂਲ ਗੀਤ ਸੀ 'ਦਮਾ ਦਮ ਮਸਤ ਕਲੰਦਰ'
ਉਸ ਸਮੇਂ ਵਿੱਚ ਟੈਲੀਵਿਜ਼ਨ ਤੇ ਰੇਡੀਓ ਦਾ ਸ਼ੁਰੂਆਤੀ ਦੌਰ ਸੀ। ਇਸੇ ਦੌਰਾਨ ਜਦੋਂ 10 ਸਾਲ ਦੀ ਰੇਸ਼ਮਾ ਸ਼ਹਿਬਾਜ਼ ਕਲੰਦਰ ਦੀ ਦਰਗਾਹ ’ਤੇ ਲੱਗੇ ਮੇਲੇ ਵਿਚ ‘ਦਮਾ ਦਮ ਮਸਤ ਕਲੰਦਰ’ ਗੀਤ ਗਾ ਰਹੀ ਸੀ ਤਾਂ ਰੇਡੀਓ ਦੇ ਮਸ਼ਹੂਰ ਪ੍ਰੋਡਿਊਸਰ ਸਲੀਮ ਗਿਲਾਨੀ ਨੇ ਉਸ ਨੂੰ ਗਾਉਂਦੇ ਹੋਏ ਵੇਖਿਆ ਤੇ ਉਸ ਨੂੰ ਕਰਾਚੀ ਵਿਖੇ ਰੇਡੀਓ ਆ ਕੇ ਗੀਤ ਗਾਉਣ ਦਾ ਸੱਦਾ ਦਿੱਤਾ।
ਸਲੀਮ ਗਿਲਾਨੀ ਦੇ ਇਸ ਸੱਦੇ ਨੂੰ 2 ਸਾਲ ਦਾ ਸਮਾਂ ਬੀਤ ਚੁੱਕਾ ਸੀ, 2 ਸਾਲ ਤੋਂ ਬਾਅਦ ਜਦੋਂ ਇਹ ਵਣਜਾਰਿਆਂ ਦਾ ਟੋਲਾ ਕਰਾਚੀ ਪੁੱਜਾ ਤਾਂ ਰੇਸ਼ਮਾ ਆਪਣੇ ਪਰਿਵਾਰ ਨਾਲ ਰੇਡੀਓ ਪਹੁੰਚੀ। ਇੱਥੇ ਜਦੋਂ 12 ਸਾਲਾ ਰੇਸ਼ਮਾ ਨੂੰ ਸਟੂਡੀਓ ਦੇ ਵਿੱਚ ਗੀਤ ਗਾਉਣ ਲਈ ਕਿਹਾ ਗਿਆ ਤਾਂ ਉਹ ਘਬਰਾ ਗਈ ਸੀ, ਪਰ ਬਾਅਦ 'ਚ ਉਸ ਨੇ ਇੱਕਲੇ ਸਟੂਡੀਓ 'ਚ ਰੇਡੀਓ 'ਤੇ ਆਪਣਾ ਪਹਿਲਾ ਗੀਤ 'ਦਮਾ ਦਮ ਮਸਤ ਕਲੰਦਰ' ਗਾਇਆ। ਗਿਲਾਨੀ ਨੇ ਇਸ ਨਿੱਕੀ ਜਿਹੀ ਕੁੜੀ ਦੀ ਕਲਾ ਪਛਾਣੀ ਤੇ ਉਸ ਦੀ ਆਵਾਜ਼ ਨੂੰ ਰੇਡੀਓ ਰਾਹੀਂ ਦੁਨੀਆ ਦੇ ਅੱਗੇ ਪੇਸ਼ ਕੀਤਾ।
VIDEO
ਰੇਸ਼ਮਾ ਦਾ ਸੰਗੀਤਕ ਸਫਰ
ਆਪਣੇ ਰੇਡੀਓ ਨੂੰ ਦਿੱਤੇ ਗਏ ਕਈ ਇੰਟਰਵਿਊਜ਼ ਦੇ ਵਿੱਚ ਰੇਸ਼ਮਾ ਨੇ ਆਪਣੀ ਗਾਇਕੀ ਨੂੰ ਬਾਬਾ ਸ਼ਹਿਬਾਜ਼ ਕਲੰਦਰ ਦੀ ਦੁਆ ਦੱਸਿਆ ਸੀ। ਰੇਸ਼ਮਾ ਨੇ ਕਿਹਾ ਕਿ ਮੈਂ ਬੀਆਬਾਨ ਤੇ ਉਜਾੜ ਵਿੱਚ ਗਾਉਣ ਦੀ ਆਦੀ ਸਾਂ। ਮੈਂ ਬੰਦ ਕਮਰੇ ਵਿੱਚ ਬੈਠ ਕੇ ਗਾਉਣ ਬਾਰੇ ਸੋਚ ਹੀ ਨਹੀਂ ਸਾਂ ਸਕਦੀ। ਮੈਂ ਕੋਈ ਰਿਆਜ਼ ਨਹੀਂ ਕੀਤਾ। ਰਿਆਜ਼ ਕਰਨ ਨਾਲ ਕੀ ਹੁੰਦਾ ਹੈ। ਜੇ ਤੁਹਾਡੇ ਅੰਦਰ ਸੁਰ ਨਹੀਂ ਤਾਂ ਸਾਰੀ ਉਮਰ ਰਿਆਜ਼ ਕਰਦੇ ਰਹੋ ਕੁਝ ਨਹੀਂ ਬਣਦਾ। ਇਹ ਅੱਲਾ ਦੀ ਦੇਣ ਹੈ ਜਿਸ ਨੂੰ ਚਾਹੇ ਬਖ਼ਸ਼ ਦੇਵੇ।
ਰੇਸ਼ਮਾ ਨੇ ਆਪਣੇ ਗਾਇਕੀ ਦੇ ਹੁਨਰ ਬਾਰੇ ਕਿਹਾ ਸੀ, ' ਅੱਲਾ ਜਾਣਦਾ ਹੈ ਮੈਨੂੰ ਇਹ ਨਹੀਂ ਪਤਾ ਕਿ ਮੈਂ ਕਦੋਂ ਗਾਉਣਾ ਸ਼ੁਰੂ ਕੀਤਾ। ਬਚਪਨ ਤੋਂ ਹੀ ਸ਼ੌਕ ਸੀ। ਮੇਲਿਆਂ ਵਿੱਚ ਅਸੀਂ ਘੋੜੇ ਤੇ ਊਠ ਵੇਚਣ ਜਾਂਦੇ ਤਾਂ ਉਥੇ ਮੈਂ ਕੱਵਾਲੀਆਂ ਸੁਣਦੀ ਜਾਂ ਕੋਈ ਖੇਡਾਂ ਜਾਂ ਤਮਾਸ਼ਾ ਹੋ ਰਿਹਾ ਹੁੰਦਾ ਤੇ ਉਸ ਦੇ ਗੀਤ ਸੁਣਦੀ। ਮੈਂ ਸੋਚਦੀ, ਰੇਸ਼ਮਾ ਇਹ ਲੋਕ ਕਿੰਨਾ ਚੰਗਾ ਗਾਉਂਦੇ ਨੇ। ਰੱਬ ਕਰੇ ਰੇਸ਼ਮਾ ਤੂੰ ਵੀ ਇਸ ਤਰ੍ਹਾਂ ਕਦੇ ਗਾ ਸਕੇਂ। ਤੇਰਾ ਵੀ ਕਦੇ ਨਾਂ ਹੋਵੇ। ਮੈਂ ਸੁਣ ਸੁਣ ਕੇ ਹੀ ਗਾਣਾ ਸਿਖਿਆ। ਤੁਰਦੀ ਫਿਰਦੀ ਰੇਸਿਸਤਾਨਾਂ ਨੂੰ ਗਾਹੁੰਦੀ ਮੈਂ ਉੱਚੀ ਆਵਾਜ਼ ਵਿੱਚ ਗੀਤ ਗਾਉਂਦੀ ਸੀ। ਕੀ ਪਤਾ ਸੀ ਕਿ ਕਿਸੇ ਦਿਨ ਬਣਜਾਰਨ ਲੰਡਨ ਦੇ ਵੱਡੇ ਸਟੂਡੀਓ ਵਿੱਚ ਗਾਵੇਗੀ ਤੇ ਨਿਊਯਾਰਕ ਵਿੱਚ ਪ੍ਰੋਗਰਾਮ ਕਰੇਗੀ। ਮੈਂ ਅੱਲਾ ਦੀ ਸ਼ੁਕਰਗੁਜ਼ਾਰ ਹਾਂ। ਮੇਰੇ ਗਲੇ ਵਿੱਚ ਅੱਲਾ ਵਸਦਾ ਹੈ। ਮੇਰੇ ਸਾਹ ਵਿੱਚ ਉਸ ਦਾ ਸਾਹ ਹੈ। ਉਸੇ ਦਾ ਕਰਮ ਤੇ ਉਸੇ ਦਾ ਫ਼ਜ਼ਲ।'
VIDEO
ਕੈਂਸਰ ਦੀ ਜੰਗ ਲੜਦੇ ਹੋਏ ਵੀ ਗੀਤ ਗਾਉਂਦੀ ਰਹੀ ਰੇਸ਼ਮਾ
1980 'ਚ ਰੇਸ਼ਮਾ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਉਸ ਨੂੰ ਗਲੇ ਦਾ ਕੈਂਸਰ ਹੈ। ਉਹ ਅਮਰੀਕਾ ਵਿਖੇ ਆਪਣਾ ਪ੍ਰੋਗਰਾਮ ਕਰ ਰਹੀ ਸੀ ਕਿ ਉਸ ਨੂੰ ਖ਼ੂਨ ਦੀ ਉਲਟੀਆਂ ਆਉਣ ਲੱਗ ਪਈਆਂ। ਫਿਰ ਇਲਾਜ ਦੌਰਾਨ ਪੰਜ ਸਾਲਾਂ ਤੱਕ ਕੋਈ ਗੀਤਗਾ ਨਾ ਸਕੀ। ਉਸ ਦੀ ਹਾਲਤ ਐਨੀ ਕੁ ਗੰਭੀਰ ਸੀ ਕਿ ਉਹ ਕੌਮਾ ਵਿੱਚ ਜਾਣ ਵੇਲੇ ਤੱਕ ਗਾਉਂਦੀ ਰਹੀ। ਰੇਡੀਓ ਪਾਕਿਸਤਾਨ ਲਈ ਸੋਲੰਗੀ ਸਾਹਿਬ ਵੱਲੋਂ ਇੱਕ ਪ੍ਰੋਗਰਾਮ 'ਚ ਰੇਸ਼ਮਾ ਨੂੰ ਬੁਲਾਇਆ ਗਿਆ। ਉਸ ਪ੍ਰੋਗਰਾਮ ਵਿਚ ਉਸ ਨੇ ਆਪਣਾ ਪਸੰਦੀਦਾ ‘ਗੀਤ ਲੰਬੀ’ ਜੁਦਾਈ ਗਾਇਆ ਸੀ। ਜਦੋਂ ਵੀ ਕੈਂਸਰ ਜਿਹੀ ਨਾਮੁਰਾਦ ਬਿਮਾਰੀ ਤੋਂ ਕੁਝ ਰਾਹਤ ਮਿਲਦੀ, ਉਹ ਆਪਣੀ ਮਿੱਠੀ ਆਵਾਜ਼ ਤੇ ਦਿਲਾਂ 'ਚ ਉਤਰ ਜਾਣ ਵਾਲੀ ਹੂਕ ਨਾਲ ਅਸਪੱਸ਼ਟ ਆਵਾਜ਼ ਟਚ ਪੂਰਾ ਜ਼ੋਰ ਲਾ ਕੇ ਇਹ ਗੀਤ ਗਾਉਂਦੀ ਰਹੀ।