Bhupinder Babbal Team Members injured : ਮਸ਼ਹੂਰ ਪੰਜਾਬੀ ਗਾਇਕ ਭੁਪਿੰਦਰ ਬੱਬਲ ਆਪਣੇ ਗੀਤਾਂ ਲਈ ਮਸ਼ਹੂਰ ਹਨ। ਹਾਲ ਹੀ ਵਿੱਚ ਗਾਇਕ ਦੀ ਟੀਮ ਨੂੰ ਲੈ ਕੇ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਗਾਇਕ ਦੀ ਟੀਮ ਦੇ ਲੋਕ ਸੜਕ ਹਾਦਸੇ ਦੌਰਾਨ ਜਖ਼ਮੀ ਹੋ ਗਏ ਹਨ ਜਦੋਂ ਕਿ ਦੋ ਕਲਾਕਾਰਾਂ ਦੀ ਮੌਤ ਹੋ ਗਈ ਹੈ।
ਮੀਡੀਆ ਰਿਪੋਰਟਸ ਦੇ ਮੁਤਾਬਕ ਮਸ਼ਹੂਰ ਗਾਇਕ ਭੁਪਿੰਦਰ ਬੱਬਲ ਆਪਣੀ ਸੰਗੀਤ ਮੰਡਲੀ ਦੇ ਨਾਲ ਬੀਤੇ ਦਿਨੀਂ ਮਾਤਾ ਵੈਸ਼ਨੋ ਦੇਵੀ ਗਏ ਸਨ। ਉੱਥੇ ਭਜਨ ਦਾ ਪ੍ਰੋਗਰਾਮ ਕਰਨ ਮਗਰੋਂ ਗਾਇਕ ਫਲਾਈਟ ਰਾਹੀਂ ਚੰਡੀਗੜ੍ਹ ਲਈ ਰਵਾਨਾ ਹੋ ਗਏ ਤੇ ਉਨ੍ਹਾਂ ਦੀ ਸੰਗੀਤ ਮੰਡਲੀ ਟੈਂਪੋ ਟਰੈਵਲਰ ਦੇ ਨਾਲ ਪੰਜਾਬ ਵਾਪਸ ਪਰਤ ਰਹੀ ਸੀ।
ਗਾਇਕ ਦੀ ਸੰਗੀਤ ਮੰਡਲੀ ਦੇ ਟੈਂਪੂ-ਟਰੈਵਲ ਹਰਿਆਣਾ-ਹੁਸ਼ਿਆਰਪੁਰ ਹਾਈਵੇ 'ਤੇ ਪਿੰਡ ਬਾਗਪੁਰ ਨੇੜੇ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਟੈਂਪੂ ਟਰੈਵਲ ਦੀ ਇੱਕ ਟਰੈਕਟਰ-ਟਰਾਲੀ ਨਾਲ ਟੱਕਰ ਹੋ ਗਈ। ਇਸ ਹਾਦਸੇ 'ਚ ਗੱਡੀ 'ਚ ਸਵਾਰ 12 ਲੋਕਾਂ 'ਚੋਂ 2 ਲੋਕਾਂ ਦੀ ਮੌਤ ਹੋ ਗਈ ਹੈ ਜਦੋਂਕਿ 4 ਲੋਕ ਗੰਭੀਰ ਰੂਪ ਨਾਲ ਜਖ਼ਮੀ ਹੋ ਗਏ ਹਨ।
ਮੀਡੀਆ ਰਿਪੋਰਟਸ ਦੇ ਮੁਤਾਬਕ ਮ੍ਰਿਤਕ ਦੋ ਵਿਅਕਤੀ ਕਲਾਕਾਰ ਸਨ ਜੋ ਕਿ ਗਾਇਕ ਦੀ ਸੰਗੀਤ ਮੰਡਲੀ ਦਾ ਹਿੱਸਾ ਸਨ। ਜਖ਼ਮੀ ਲੋਕਾਂ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ 'ਚ ਦਾਖ਼ਲ ਕਰਵਾਇਆ ਗਿਆ ਹੈ, ਜਿਨ੍ਹਾਂ 'ਚੋਂ ਦੋ ਨੂੰ ਇਲਾਜ ਮਗਰੋਂ ਛੁੱਟੀ ਦੇ ਦਿੱਤੀ ਗਈ ਹੈ ਅਤੇ ਇੱਕ ਦੀ ਹਾਲਤ ਨਾਜ਼ੁਕ ਹੋਣ ਕਰਕੇ ਉਸ ਨੂੰ ਪੀ. ਜੀ. ਆਈ. ਚੰਡੀਗੜ੍ਹ 'ਚ ਰੈਫਰ ਕਰ ਦਿੱਤਾ ਗਿਆ।
ਹੋਰ ਪੜ੍ਹੋ : ਨਰਾਤਿਆਂ 'ਚ ਮਾਤਾ ਵੈਸ਼ਨੋ ਦੇਵੀ ਦੇ ਦਰਬਾਰ 'ਚ ਪਹੁੰਚੀ ਸੁਨੰਦਾ ਸ਼ਰਮਾ, ਗਾਇਕਾ ਨੇ ਭਜਨ ਗਾ ਕੇ ਮਾਂ ਦੇ ਦਰਬਾਰ 'ਚ ਲਗਾਈ ਹਾਜ਼ਰੀ
ਮੀਡੀਆ ਰਿਪੋਰਟਸ ਦੇ ਮੁਤਾਬਕ ਟੈਂਪੂ ਟਰੈਵਲ ਦੇ ਚਾਲਕ ਨੀਰਜ ਕੁਮਾਰ ਨੂੰ ਸਵੇਰੇ 6.30 ਵਜੇ ਦੇ ਕਰੀਬ ਬਾਗਪੁਰ ਨੇੜੇ ਪਹੁੰਚੇ ਕੇ ਨੀਂਦ ਆ ਗਈ ਅਤੇ ਟੈਂਪੂ ਟਰੈਵਲ ਟਰੈਕਟਰ ਟਰਾਲੀ ਨਾਲ ਜਾ ਟਕਰਾਇਆ। ਤੇਜ਼ ਰਫ਼ਤਾਰ ਕਾਰਨ ਟੈਂਪੂ ਟਰੈਵਲ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਇਸ ਦਰਦਨਾਕ ਹਾਦਸੇ 'ਚ ਮੰਡਲੀ ਦੇ ਕਲਾਕਾਰ ਪਾਰਸ ਅਤੇ ਸ਼ੁਭਮ ਵਾਸੀ ਚੰਡੀਗੜ੍ਹ ਦੀ ਮੌਕੇ 'ਤੇ ਹੀ ਮੌਤ ਹੋ ਗਈ। ਡਰਾਈਵਰ ਨੀਰਜ ਕੁਮਾਰ ਵੀ ਗੰਭੀਰ ਜਖ਼ਮੀ ਹੈ। ਕੁਝ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਗਾਇਕ ਭੁਪਿੰਦਰ ਬੱਬਲ ਵੱਲੋਂ ਦੋਹਾਂ ਮ੍ਰਿਤਕ ਕਲਾਕਾਰਾਂ ਦੀ ਤਸਵੀਰ ਸ਼ੇਅਰ ਕਰਕੇ ਸੋਗ ਪ੍ਰਗਟਾਇਆ ਗਿਆ ਹੈ।