Fan throw Phone on Diljit Dosanjh : ਪੰਜਾਬੀ ਗਾਇਕ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੇ ਮਿਊਜ਼ਿਕ ਸ਼ੋਅ Dil-Lumiati ਨੂੰ ਲੈ ਕੇ ਕਾਫੀ ਸੁਰਖੀਆਂ 'ਚ ਹਨ। ਵੱਡੀ ਗਿਣਤੀ 'ਚ ਫੈਨਜ਼ ਗਾਇਕ ਦੇ ਮਿਊਜ਼ਿਕਲ ਸ਼ੋਅ ਦਾ ਹਿੱਸਾ ਬਨਣਾ ਚਾਹੁੰਦੇ ਹਨ। ਇਸ ਵਿਚਾਲੇ ਗਾਇਕ ਦੇ ਪੈਰਿਸ ਟੂਰ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਨੂੰ ਵੇਖ ਕੇ ਹਰ ਕੋਈ ਹੈਰਾਨ ਰਹਿ ਗਿਆ।
ਇਨ੍ਹੀਂ ਦਿਨੀ ਗਲੋਬਲ ਸਟਾਰ ਦਿਲਜੀਤ ਦੋਸਾਂਝ ਦਾ ਜਾਦੂ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਉਨ੍ਹਾਂ ਦੇ ਗੀਤਾਂ ਦੇ ਰਿਕਾਰਡ ਹੋਣ ਜਾਂ ਮਿੰਟਾਂ-ਸਕਿੰਟਾਂ 'ਚ ਮਹਿੰਗੇ ਭਾਅ ਟਿਕਟਾਂ ਵਿਕਣਾ ਹੋਵੇ, ਪਰ ਕਈ ਵਾਰ ਕੋਈ ਘਟਨਾ ਵੀ ਵਾਪਰ ਜਾਂਦੀ ਹੈ, ਜਿਸ ਨਾਲ ਮਾਹੌਲ ਵੀ ਖਰਾਬ ਹੁੰਦਾ ਹੈ।
ਅਜਿਹੀ ਹੀ ਘਟਨਾ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨਾਲ ਵੀ ਪੈਰਿਸ ਵਿਖੇ ਲਾਈਵ ਸ਼ੋਅ ਦੌਰਾਨ ਵਾਪਰੀ, ਜਿਥੇ ਲਾਈਵ ਪ੍ਰੋਗਰਾਮ ਦੌਰਾਨ ਕਿਸੇ ਨੇ ਗਾਇਕ ਦੇ ਉੱਤੇ ਮੋਬਾਈਲ ਫੋਨ ਸੁੱਟ ਦਿੱਤਾ। ਇਹ ਘਟਨਾ ਦਿਲਜੀਤ ਦੋਸਾਂਝ ਦੇ 19 ਸਤੰਬਰ ਦੀ ਰਾਤ ਨੂੰ ਪੈਰਿਸ ਵਿੱਚ ਇੱਕ ਪ੍ਰੋਗਰਾਮ ਦੀ ਹੈ। ਇੱਥੇ ਦਿਲਜੀਤ ਦੋਸਾਂਝ ਆਪਣਾ ਗੀਤ ਪਟਿਆਲਾ ਪੈੱਗ ਗਾ ਰਹੇ ਸਨ ਇਸ ਵਿਚਾਲੇ ਕਿਸੇ ਨੇ ਸਟੇਜ 'ਤੇ ਆਪਣਾ ਆਈਫੋਨ ਸੁੱਟ ਦਿੱਤਾ, ਜਿਸ ਨੂੰ ਦਿਲਜੀਤ ਨੇ ਦੇਖਿਆ ਅਤੇ ਫ਼ੋਨ ਆਪਣੇ ਹੱਥ ਵਿੱਚ ਲੈ ਲਿਆ, ਜਿਸ ਤੋਂ ਬਾਅਦ ਗੀਤ ਅਤੇ ਬੈਂਡ ਬੰਦ ਕਰ ਦਿੱਤੇ ਗਏ। ਦਿਲਜੀਤ ਨੇ ਕਿਹਾ- ਅਜਿਹਾ ਕਰਨ ਦਾ ਕੀ ਫਾਇਦਾ ਹੋਇਆ? ਜੇਕਰ ਤੁਹਾਡਾ ਫ਼ੋਨ ਟੁੱਟ ਜਾਂਦਾ ਹੈ ਜਾਂ ਖਰਾਬ ਹੋ ਜਾਂਦਾ ਹੈ, ਤਾਂ ਤੁਹਾਨੂੰ ਨੁਕਸਾਨ ਹੋਵੇਗਾ। ਐਸਾ ਪਲ ਖਰਾਬ ਨਾ ਕਰੋ ਭਾਈ।
ਦਿਲਜੀਤ ਨੇ ਅੱਗੇ ਕਿਹਾ- ਤੁਹਾਨੂੰ ਅਜਿਹਾ ਨਹੀਂ ਕਰਨਾ ਚਾਹੀਦਾ। ਮੈਂ ਤੁਹਾਨੂੰ ਪਿਆਰ ਕਰਦਾ ਹਾਂ। ਜੇ ਅਸੀਂ ਪਿਆਰ ਕਰਦੇ ਹਾਂ, ਤਾਂ ਅਸੀਂ ਪਿਆਰ ਦੀ ਪ੍ਰਕਿਰਿਆ 'ਚ ਆਪਣਾ ਫੋਨ ਕਿਉਂ ਖਰਾਬ ਕਰੀਏ? ਜਿਸ ਤੋਂ ਬਾਅਦ ਦਿਲਜੀਤ ਨੇ ਫੋਨ ਵਾਪਸ ਫੈਨ ਨੂੰ ਦੇ ਦਿੱਤਾ। ਦਿਲਜੀਤ ਨੇ ਕਿਹਾ- ਹੁਣ ਮੈਨੂੰ ਫਿਰ ਤੋਂ ਸ਼ੁਰੂ ਤੋਂ ਹੀ ਗਾਉਣਾ ਪਵੇਗਾ। ਇਸ ਤੋਂ ਬਾਅਦ ਦਿਲਜੀਤ ਨੇ ਆਪਣੀ ਜੈਕੇਟ ਫੈਨਸ ਨੂੰ ਦਿੱਤੀ ਅਤੇ ਕਿਹਾ- ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਕਰਦਾ ਹਾਂ, ਪਰ ਭਵਿੱਖ ਵਿੱਚ ਕਿਸੇ ਕਲਾਕਾਰ ਨਾਲ ਅਜਿਹਾ ਨਾਂ ਕਰੋ ਤੇ ਨਾਂ ਹੀ ਕਿਸੇ ਨਾਲ ਮਾੜਾ ਵਿਵਹਾਰ ਕਰੋ। ਇਸ ਵਿੱਚ ਮੈਨੂੰ ਜਾਂ ਕਿਸੇ ਹੋਰ ਕਲਾਕਾਰ ਨੂੰ ਕੋਈ ਫਾਇਦਾ ਨਹੀਂ ਹੋਵੇਗਾ।
ਸੋਸ਼ਲ ਮੀਡੀਆ ਉੱਤੇ ਗਾਇਕ ਦੇ ਇਸ ਵਿਵਹਾਰ ਦੀ ਚਾਰੇ ਪਾਸੇ ਤਰੀਫਾਂ ਹੋ ਰਹੀਆਂ ਹਨ, ਯੂਜ਼ਰ ਨੇ ਕਿਹਾ ਇਸੇ ਲਈ ਦਿਲਜੀਤ ਉਹ ਹੈ ਜੋ ਸਭ ਦਾ ਦਿਲ ਜਿੱਤ ਲੈਂਦਾ ਹੈ। ਕਈਆਂ ਨੇ ਦਿਲਜੀਤ ਦੀ ਤਾਰੀਫ ਕਰਦਿਆਂ ਕਿਹਾ ਕਿ ਦਿਲਜੀਤ ਜਾਣਦੇ ਹਨ ਕਿ ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਸ ਨੂੰ ਕਿਵੇਂ ਹੈਂਡਲ ਕਰਨਾ ਹੈ।
ਹੋਰ ਪੜ੍ਹੋ : ਕੁਲਵਿੰਦਰ ਬਿੱਲਾ ਦੀ ਧੀ ਨੇ ਤੈਰਾਕੀ ਮੁਕਾਬਲਿਆਂ 'ਚ ਜਿੱਤੇ ਮੈਡਲ, ਗਾਇਕ ਨੇ ਸਾਂਝੀ ਕੀਤੀ ਤਸਵੀਰ
ਦੱਸ ਦਈਏ ਕਿ ਇਸ ਤੋਂ ਪਹਿਲਾਂ ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਨਾਲ ਵੀ ਅਜਿਹੀ ਹੀ ਘਟਨਾ ਵਾਪਰੀ ਸੀ, ਜਦੋਂ ਉਨ੍ਹਾਂ ਦੇ ਯੂਕੇ ਕੰਸਰਟ 'ਤੇ ਕਿਸੇ ਨੇ ਬੂਟ ਸੁੱਟ ਦਿੱਤਾ ਸੀ। ਇਸ ਘਟਨਾ ਦੀ ਬੱਬੂ ਮਾਨ ਤੇ ਗੁਰਦਾਸ ਮਾਨ ਸਣੇ ਕਈ ਗਾਇਕਾਂ ਨੇ ਵਿਰੋਧ ਕੀਤਾ। ਗੁਰਦਾਸ ਮਾਨ ਨੇ ਫੈਨਜ਼ ਨੂੰ ਅਪੀਲ ਕੀਤੀ ਕਿ ਕਲਾਕਾਰ ਸਭ ਦਾ ਸਾਂਝਾ ਹੁੰਦਾ ਹੈ, ਕਿਰਪਾ ਕਰਕੇ ਕਲਾਕਾਰਾਂ ਦੀ ਇੱਜਤ ਕਰਿਆ ਕਰੋ।