Tajinder Pal Singh Bagga On Sidhu Moose Wala : ਸਿਆਸੀ ਆਗੂ ਤੇਜਿੰਦਰ ਪਾਲ ਸਿੰਘ ਬੱਗਾ ਇਸ ਸਮੇਂ ਸਲਮਾਨ ਖਾਨ ਦੇ ਰਿਐਲਿਟੀ ਸ਼ੋਅ 'ਬਿੱਗ ਬੌਸ 18' ਦਾ ਹਿੱਸਾ ਹਨ। ਹਾਲ ਹੀ ਦੇ ਐਪੀਸੋਡ 'ਚ, ਉਨ੍ਹਾਂ ਨੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਬਾਰੇ ਹੈਰਾਨੀਜਨਕ ਖੁਲਾਸਾ ਕੀਤਾ ਹੈ, ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਹੋ ਗਿਆ ਹੈ।
ਤੇਜਿੰਦਰ ਪਾਲ ਸਿੰਘ ਬੱਗਾ ਦਾ ਹੈਰਾਨੀਜਨਕ ਖੁਲਾਸਾ
ਰਿਐਲਿਟੀ ਸ਼ੋਅ 'ਬਿੱਗ ਬੌਸ 18' 'ਚ ਸਿਆਸੀ ਆਗੂ ਤੇਜਿੰਦਰ ਪਾਲ ਸਿੰਘ ਬੱਗਾ ਨੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦੀ ਮੌਤ ਨਾਲ ਜੁੜੀ ਅਜਿਹੀ ਗੱਲ ਦੱਸੀ ਹੈ, ਜਿਸ ਬਾਰੇ ਸ਼ਾਇਦ ਹੀ ਪਹਿਲਾਂ ਕਿਸੇ ਨੂੰ ਪਤਾ ਹੋਵੇ। ਉਨ੍ਹਾਂ ਕਿਹਾ ਕਿ ਸਿੱਧੂ ਦੀ ਮੌਤ ਤੋਂ 8-9 ਦਿਨ ਪਹਿਲਾਂ ਉਨ੍ਹਾਂ ਨੂੰ ਇੱਕ ਜੋਤਸ਼ੀ ਦੋਸਤ ਨੇ ਦੇਸ਼ ਛੱਡਣ ਦੀ ਸਲਾਹ ਦਿੱਤੀ ਸੀ।
ਤੇਜਿੰਦਰ ਪਾਲ ਸਿੰਘ ਬੱਗਾ ਨੇ ਦੱਸਿਆ ਕਿ ਹੁਣ ਉਨ੍ਹਾਂ ਨੂੰ ਜੋਤਿਸ਼ 'ਤੇ ਭਰੋਸਾ ਹੈ । ਜਦੋਂ ਕਿ ਪਹਿਲਾਂ ਉਨ੍ਹਾਂ ਇਸ ਵਿੱਚ ਕੋਈ ਵਿਸ਼ਵਾਸ ਨਹੀਂ ਸੀ, ਪਰ ਸਿੱਧੂ ਮੂਸੇਵਾਲਾ ਦੀ ਦੁਖਦਾਈ ਮੌਤ ਨੇ ਉਨ੍ਹਾਂ ਨੂੰ ਜੋਤਿਸ਼ ਵਿਦਿਆ ਨੂੰ ਪੂਰੀ ਤਰ੍ਹਾਂ ਅਪਨਾਉਣ ਅਤੇ ਬਿਨਾਂ ਕਿਸੇ ਸਵਾਲ ਦੇ ਇਸ ਵਿੱਚ ਵਿਸ਼ਵਾਸ ਕਰਨ ਲਈ ਪ੍ਰੇਰਿਤ ਕੀਤਾ।
ਕਤਲ ਤੋਂ ਹਿਲਾਂ ਜੋਤਸ਼ੀ ਨੂੰ ਮਿਲੇ ਸੀ ਸਿੱਧੂ ਮੂਸੇਵਾਲਾ
ਬਿੱਗ ਬੌਸ ਦੇ ਹਾਲ ਹੀ 'ਚ ਰਿਲੀਜ਼ ਹੋਏ ਨਵੇਂ ਪ੍ਰੋਮੋ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਗੁਣਰਤਨ ਸਦਾਵਰਤੇ ਨਾਲ ਗੱਲ ਕਰਦੇ ਹੋਏ ਤੇਜਿੰਦਰ ਬੱਗਾ ਨੇ ਕਿਹਾ, 'ਪਹਿਲਾਂ ਤਾਂ ਮੈਂ ਜੋਤਿਸ਼ 'ਤੇ ਵਿਸ਼ਵਾਸ ਨਹੀਂ ਕਰਦਾ ਸੀ, ਪਰ ਮੇਰਾ ਇੱਕ ਜੋਤਸ਼ੀ ਦੋਸਤ ਹੈ ਜਿਸ ਦਾ ਨਾਂ ਰੁਦਰ ਹੈ। ਮੈਂ ਸਿੱਧੂ ਮੂਸੇਵਾਲਾ ਨਾਲ ਉਨ੍ਹਾਂ ਦੀ ਤਸਵੀਰ ਦੇਖੀ, ਤਾਂ ਮੈਂ ਪੁੱਛਿਆ ਕਿ ਉਹ ਸਿੱਧੂ ਨੂੰ ਕਿਉਂ ਮਿਲੇ। ਉਸ ਨੇ ਦੱਸਿਆ ਕਿ ਸਿੱਧੂ ਉਨ੍ਹਾਂ ਨੂੰ ਆਪਣੀ ਕੁੰਡਲੀ ਦਿਖਾਉਣ ਆਏ ਸਨ, ਜਿਸ ਤੋਂ ਮੈਂ ਹੈਰਾਨ ਰਹਿ ਗਿਆ, ਕਿਉਂਕਿ ਮੈਨੂੰ ਨਹੀਂ ਪਤਾ ਸੀ ਕਿ ਸਿੱਧੂ ਮੂਸੇਵਾਲਾ ਅਜਿਹੀਆਂ ਗੱਲਾਂ 'ਤੇ ਵਿਸ਼ਵਾਸ ਕਰਦੇ ਸਨ।
ਸਿੱਧੂ ਮੂਸੇਵਾਲਾ ਨੂੰ ਦਿੱਤੀ ਗਈ ਸੀ ਦੇਸ਼ ਛੱਡਣ ਦੀ ਸਲਾਹ
ਬੱਗਾ ਨੇ ਅੱਗੇ ਕਿਹਾ, 'ਮੇਰੇ ਦੋਸਤ ਨੇ ਦੱਸਿਆ ਕਿ ਸਿੱਧੂ ਨੇ ਉਸ ਨਾਲ ਚਾਰ ਘੰਟੇ ਬਿਤਾਏ। ਰੁਦਰ ਨੇ ਸਿੱਧੂ ਨੂੰ ਦੇਸ਼ ਛੱਡਣ ਦੀ ਸਲਾਹ ਦਿੰਦੇ ਹੋਏ ਚੇਤਾਵਨੀ ਦਿੱਤੀ ਕਿ ਉਨ੍ਹਾਂ ਦੀ ਜਾਨ ਖ਼ਤਰੇ ਵਿੱਚ ਹੈ। ਮੈਂ ਆਪਣੇ ਦੋਸਤ ਨੂੰ ਪੁੱਛਿਆ ਕਿ ਕੀ ਉਸ ਨੇ ਸਿੱਧੂ ਨੂੰ ਕਿਹਾ ਸੀ ਕਿ ਉਸ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ, ਪਰ ਉਸ ਨੇ ਕਿਹਾ, 'ਜੋਤਿਸ਼ ਵਿੱਚ ਅਸੀਂ ਸਿੱਧੇ ਤੌਰ 'ਤੇ ਇਹ ਨਹੀਂ ਕਹਿ ਸਕਦੇ ਕਿ ਕਿਸੇ ਦੀ ਜਾਨ ਨੂੰ ਖ਼ਤਰਾ ਹੈ, ਪਰ ਮੈਂ ਉਸ ਨੂੰ ਦੇਸ਼ ਛੱਡਣ ਦੀ ਚੇਤਾਵਨੀ ਦਿੱਤੀ ਸੀ।'
ਦੇਸ਼ ਛੱਡਣ ਜਾ ਰਹੇ ਸਨ ਸਿੱਧੂ ਮੂਸੇਵਾਲਾ
ਤਜਿੰਦਰ ਬੱਗਾ ਨੇ ਅੱਗੇ ਕਿਹਾ, 'ਉਨ੍ਹਾਂ ਦੇ ਜੋਤਸ਼ੀ ਮਿੱਤਰ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ 8 ਜਾਂ 9 ਤਰੀਕ ਦੇ ਆਸਪਾਸ ਦੇਸ਼ ਛੱਡਣ ਦੀ ਯੋਜਨਾ ਬਣਾ ਰਹੇ ਸੀ। ਮੇਰੇ ਮਨ 'ਚ ਸਵਾਲ ਸੀ ਕਿ ਸ਼ੋਅ ਅਤੇ ਹੋਰ ਮਾਧਿਅਮਾਂ ਤੋਂ ਹਰ ਮਹੀਨੇ 15-20 ਕਰੋੜ ਰੁਪਏ ਕਮਾਉਣ ਵਾਲਾ ਵਿਅਕਤੀ ਕਿਸੇ ਜੋਤਸ਼ੀ ਦੀ ਸਲਾਹ ਦੇ ਆਧਾਰ 'ਤੇ ਦੇਸ਼ ਛੱਡ ਕੇ ਕਿਵੇਂ ਜਾ ਸਕਦਾ ਹੈ? ਮੈਂ ਅਜਿਹਾ ਨਹੀਂ ਕਰਦਾ, ਪਰ ਭਰਾ, ਉਹ 8 ਦਿਨਾਂ ਬਾਅਦ ਉਸ ਦਾ ਕਤਲ ਹੋ ਗਿਆ। ਮੈਂ ਤੁਰੰਤ ਆਪਣੇ ਦੋਸਤ ਨੂੰ ਫ਼ੋਨ ਕੀਤਾ ਅਤੇ ਉਸ ਨੂੰ ਮੇਰੇ ਵਾਸਤੇ ਕੋਈ ਸਲਾਹ ਦੇਣ ਲਈ ਕਿਹਾ। ਉਸ ਪਲ ਤੋਂ, ਮੈਂ ਜੋਤਿਸ਼ 'ਚ ਅੰਨ੍ਹੇਵਾਹ ਵਿਸ਼ਵਾਸ ਕਰਨਾ ਸ਼ੁਰੂ ਕਰ ਦਿੱਤਾ।
ਹੋਰ ਪੜ੍ਹੋ : National Awards 2024: ਕਦੋਂ ਤੇ ਕਿੱਥੇ ਦੇਖ ਸਕੋਗੇ ਨੈਸ਼ਨਲ ਅਵਾਰਡਸ, ਜਾਣੋਂ ਕਿਹੜੇ-ਕਿਹੜੇ ਸੈਲੀਬ੍ਰੀਟੀਜ਼ ਨੂੰ ਕੀਤਾ ਜਾਵੇਗਾ ਸਨਮਾਨਿਤ
ਦਰਦਨਾਕ ਤਰੀਕੇ ਨਾਲ ਹੋਇਆ ਸਿੱਧੂ ਮੂਸੇਵਾਲਾ ਦਾ ਕਤਲ
29 ਮਈ 2022 ਨੂੰ ਸਿੱਧੂ ਮੂਸੇਵਾਲਾ ਦਾ ਸ਼ਰੇਆਮ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਸ ਦੀ ਕਾਰ ਨੂੰ ਘੇਰ ਲਿਆ ਗਿਆ ਅਤੇ ਅਣਪਛਾਤੇ ਸ਼ੂਟਰਾਂ ਨੇ ਉਸ 'ਤੇ ਗੋਲੀਆਂ ਚਲਾ ਦਿੱਤੀਆਂ। ਇਹ ਸ਼ੂਟਰ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਗੈਂਗ ਨਾਲ ਸਬੰਧਤ ਸਨ। ਫਿਲਹਾਲ ਗਾਇਕ ਦੇ ਕਤਲ ਮਾਮਲੇ ਵਿੱਚ ਪੁਲਿਸ ਤੇ ਕੋਰਟ ਦੀ ਕਾਰਵਾਈ ਜਾਰੀ ਹੈ।