ਅੱਜ ਦਾ ਯੁੱਗ ਡਿਜੀਟਲ ਕ੍ਰਾਂਤੀ ਦਾ ਹੈ। ਹਰ ਕਿਸੇ ਦੇ ਹੱਥ ‘ਚ ਸਮਾਰਟ ਫੋਨ ਹੈ । ਜੇ ਕਹਿ ਲਿਆ ਜਾਵੇ ਕਿ ਮੋਬਾਈਲ ਫੋਨ ਅੱਜ ਦੇ ਸਮੇਂ ਦੀ ਜ਼ਰੂਰਤ ਬਣ ਚੁੱਕਿਆ ਹੈ ਅਤੇ ਕੋਈ ਵੀ ਇਨਸਾਨ ਇਸ ਤੋਂ ਬਿਨ੍ਹਾਂ ਆਪਣੇ ਆਪ ਨੂੰ ਅਧੂਰਾ ਸਮਝਦਾ ਹੈ ਤਾਂ ਇਹ ਕਹਿਣਾ ਜ਼ਰਾ ਵੀ ਗਲਤ ਨਹੀਂ ਹੋਵੇਗਾ। ਅਸੀਂ ਮੋਬਾਈਲ ਫੋਨ ਤੋਂ ਬਿਨ੍ਹਾਂ ਇੱਕ ਪਲ ਵੀ ਨਹੀਂ ਰਹਿ ਸਕਦੇ । ਅਸੀਂ ਇੱਕ ਮਿੰਟ ਦੇ ਲਈ ਵੀ ਮੋਬਾਈਲ ਫੋਨ ਨੂੰ ਅੱਖੋਂ ਪਰੋਖੇ ਨਹੀਂ ਹੋਣ ਦਿੰਦੇ। ਸਾਡੀਆਂ ਉਂਗਲੀਆਂ ਨੂੰ ਫੋਨ ‘ਤੇ ਥਿਰਕਣ ਦੀ ਅਜਿਹੀ ਲਤ ਲੱਗੀ ਹੋਈ ਹੈ ਕਿ ਬਸ ਬੈਠੇ ਬੈਠੇ ਐਂਵੇ ਹੀ ਆਪਣੇ ਫੋਨ ਨੂੰ ਸਕਰੋਲ ਕਰਨ ਲੱਗ ਜਾਂਦੇ ਹਾਂ।
ਹੁਣ ਸਮਾਰਟ ਫੋਨ ਸਿਰਫ਼ ਗੱਲ ਕਰਨ ਦਾ ਜ਼ਰੀਆ ਹੀ ਨਹੀਂ ਰਿਹਾ ।ਸਗੋਂ ਅਸੀਂ ਇਸ ‘ਤੇ ਏਨੇਂ ਜ਼ਿਆਦਾ ਨਿਰਭਰ ਹੋ ਚੁੱਕੇ ਹਾਂ ਕਿ ਘਰ ਬੈਠੇ ਹੀ ਸ਼ਾਪਿੰਗ ਵੀ ਕਰ ਲੈਂਦੇ ਹਾਂ ਅਤੇ ਮਿੰਟਾਂ ਸਕਿੰਟਾਂ ‘ਚ ਜਿਸ ਚੀਜ਼ ਦੀ ਖਾਹਿਸ਼ ਹੁੰਦੀ ਹੈ, ਉਹ ਪਲਾਂ ‘ਚ ਹੀ ਸਾਡੇ ਕੋਲ ਪਹੁੰਚ ਜਾਂਦੀ ਹੈ।24 ਘੰਟੇ ਸਾਨੂੰ ਫੋਨ ਨਾਲ ਚਿੰਬੜੇ ਰਹਿਣ ਦੀ ਆਦਤ ਜਿਹੀ ਹੋ ਗਈ ਹੈ।ਜਿਸ ਕਾਰਨ ਅਸੀਂ ਸਰੀਰਕ ਗਤੀਵਿਧੀਆਂ ਤੋਂ ਦੂਰ ਹੋ ਜਾਂਦੇ ਹਾਂ।ਜਿਸ ਕਾਰਨ ਅਸੀਂ ਡਿਜੀਟਲ ਡਿਮੈਂਸ਼ੀਆ ਦਾ ਸ਼ਿਕਾਰ ਹੋ ਰਹੇ ਹਾਂ।
ਕਿਸੇ ਬਾਰੇ ਜਾਨਣਾ ਹੋਵੇਾਂ ਤਾਂ ਝੱਟ ਹੀ ਗੂਗਲ ਦਾ ਸਹਾਰਾ ਲੈਂਦੇ ਹਾਂ ਅਤੇ ਝੱਟਪੱਟ ਉਸ ਦੇ ਬਾਰੇ ਜਾਣਕਾਰੀ ਹਾਸਲ ਕਰ ਲੈਂਦੇ ਹਾਂ। ਕਦੇ ਸੋਸ਼ਲ ਮੀਡੀਆ ‘ਤੇ ਕੀ ਚੱਲ ਰਿਹਾ ਹੈ ਅਤੇ ਕਦੇ ਫ਼ਿਲਮਾਂ ਵੇਖਣ ਲੱਗ ਪੈਂਦੇ ਹਾਂ।ਜਿਸ ਕਾਰਨ ਅਸੀਂ ਸੋਸ਼ਲ ਡਿਮੈਂਸ਼ੀਆ ਦਾ ਸ਼ਿਕਾਰ ਹੋ ਜਾਂਦੇ ਹਾਂ।ਅਸੀਂ ਬੇਹੱਦ ਥੱਕੇ ਹੋਏ ਮਹਿਸੂਸ ਕਰਦੇ ਹਾਂ । ਸਾਨੂੰ ਹਰ ਕੰਮ ਕਰਨ ‘ਚ ਆਲਸ ਆਉਂਦਾ ਹੈ। ਇਹ ਹੀ ਨਹੀਂ ਛੋਟੀਆਂ ਛੋਟੀਆਂ ਚੀਜ਼ਾਂ ਨੂੰ ਵੀ ਅਸੀਂ ਭੁੱਲ ਜਾਂਦੇ ਹਾਂ ।
ਅਸੀਂ ਆਪਣੇ ਮਨ ਨੂੰ ਇਕਾਗਰ ਨਹੀਂ ਕਰ ਪਾਉਂਦੇ । ਜਿਸ ਕਾਰਨ ਪੜ੍ਹਾਈ ਤੇ ਹੋਰ ਕਿਸੇ ਵੀ ਕੰਮ ‘ਚ ਮਨ ਨਹੀਂ ਲੱਗਦਾ।ਜੇ ਤੁਸੀਂ ਡਿਜੀਟਲ ਡਿਮੈਂਸ਼ੀਆ ਤੋਂ ਬਚਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਸ ਲਈ ਆਪਣੇ ਫੋਨ ‘ਤੇ ਪਾਬੰਦੀ ਲਗਾਉਣੀ ਪਵੇਗੀ। ਦੂਜਿਆਂ ਕੰਮਾਂ ‘ਤੇ ਧਿਆਨ ਦੇਣਾ ਪਵੇਗਾ।ਸੈਰ ਦੇ ਨਾਲ ਨਾਲ ਰੋਜ਼ਾਨਾ ਵਰਕ ਆਊਟ ‘ਤੇ ਧਿਆਨ ਦੇਣਾ ਪਵੇਗਾ।ਇਹੀ ਨਹੀਂ ਦਿਮਾਗੀ ਪਹੇਲੀਆਂ ਬੁੱਝੋ ਅਤੇ ਕਿਤਾਬਾਂ ਪੜ੍ਹੋ।ਫੋਨ ਨੂੰ ਆਪਣੇ ਆਪ ਤੋਂ ਦੂਰ ਰੱਖੋ ਅਤੇ ਆਪਣਿਆਂ ਨੂੰ ਵਕਤ ਦਿਓ।