Tamannaah Bhatia : ਬਾਲੀਵੁੱਡ ਦੀ ਟਾਪ ਅਦਾਕਾਰਾ 'ਚੋਂ ਇੱਕ ਤਮੰਨਾ ਭਾਟੀਆ ਦੀਆਂ ਮੁਸ਼ਕਿਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਆਈਪੀਐਲ 2023 ਨਾਲ ਸਬੰਧਤ ਇੱਕ ਮਾਮਲੇ ਵਿੱਚ 17 ਅਕਤੂਬਰ ਨੂੰ ਗੁਹਾਟੀ ਵਿੱਚ ਤਮੰਨਾ ਤੋਂ ਪੁੱਛਗਿੱਛ ਕੀਤੀ ਸੀ। ਈਡੀ ਦੇ ਸਾਹਮਣੇ ਪੇਸ਼ੀ ਦੌਰਾਨ, ਉਸ ਤੋਂ ਮਹਾਦੇਵ ਬੈਟਿੰਗ ਐਪ ਅਤੇ ਔਨਲਾਈਨ ਗੇਮਿੰਗ ਬਾਰੇ ਸਵਾਲ ਪੁੱਛੇ ਗਏ।
ਦੱਸ ਦਈਏ ਕਿ ਕੁਝ ਮਹੀਨੇ ਪਹਿਲਾਂ ਵੀ ਉਸ ਨੂੰ ਮਹਾਰਾਸ਼ਟਰ ਸਾਈਬਰ ਸੈੱਲ ਨੇ ਇਸੇ ਮਾਮਲੇ ਵਿਚ ਸੰਮਨ ਕੀਤਾ ਸੀ। ਤਮੰਨਾ ਇਸ ਮਾਮਲੇ 'ਚ ਫਸਣ ਵਾਲੀ ਇਕੱਲੀ ਸੈਲੀਬ੍ਰਿਟੀ ਨਹੀਂ ਹੈ। ਇਸ 'ਚ ਹੁਣ ਤੱਕ ਕਈ ਗਾਇਕ, ਅਦਾਕਾਰ ਅਤੇ ਕਾਮੇਡੀਅਨ ਈਡੀ ਦੇ ਰਡਾਰ 'ਤੇ ਆ ਚੁੱਕੇ ਹਨ।
ਕੀ ਹੈ ਪੂਰਾ ਮਾਮਲਾ
ਗੈਰ-ਕਾਨੂੰਨੀ ਸਟ੍ਰੀਮਿੰਗ ਦੀ ਜਾਂਚ ਦਾ ਇਹ ਮਾਮਲਾ ਸਤੰਬਰ 2023 ਦਾ ਹੈ, ਜਦੋਂ ਵਾਇਆਕਾਮ ਨੇ 'ਫੇਅਰਪਲੇ' ਐਪ ਵਿਰੁੱਧ ਉਨ੍ਹਾਂ ਦੇ ਬੌਧਿਕ ਸੰਪੱਤੀ ਅਧਿਕਾਰਾਂ (IPR) ਦੀ ਉਲੰਘਣਾ ਕਰਨ ਦਾ ਇਲਜ਼ਾਮ ਲਾਉਂਦਿਆਂ ਸ਼ਿਕਾਇਤ ਦਰਜ ਕਰਵਾਈ ਸੀ। ਵਾਇਆਕਾਮ ਨੈੱਟਵਰਕ ਨੇ ਉੱਚ ਬੋਲੀ ਲਗਾ ਕੇ ਆਈਪੀਐਲ ਦੇ ਪ੍ਰਸਾਰਣ ਅਧਿਕਾਰਾਂ ਨੂੰ ਖਰੀਦ ਲਿਆ ਹੈ, ਪਰ 'ਫੇਅਰਪਲੇ' ਐਪ 'ਤੇ ਇਸ ਦਾ ਪ੍ਰਸਾਰਣ ਗੈਰ-ਕਾਨੂੰਨੀ ਤੌਰ 'ਤੇ ਕੀਤਾ ਜਾ ਰਿਹਾ ਸੀ, ਜਿਸ ਕਾਰਨ ਵਾਈਕਾਮ ਨੈੱਟਵਰਕ ਨੂੰ ਕਥਿਤ ਤੌਰ 'ਤੇ 100 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਐਫਆਈਆਰ ਤੋਂ ਬਾਅਦ ਤਮੰਨਾ ਭਾਟੀਆ, ਬਾਦਸ਼ਾਹ ਅਤੇ ਜੈਕਲੀਨ ਫਰਨਾਂਡੀਜ਼ ਸਮੇਤ ਮਨੋਰੰਜਨ ਜਗਤ ਦੀਆਂ ਕਈ ਪ੍ਰਮੁੱਖ ਹਸਤੀਆਂ ਤੋਂ ਪੁੱਛਗਿੱਛ ਕੀਤੀ ਗਈ ਸੀ।
ਦਰਅਸਲ, 'ਫੇਅਰਪਲੇ' ਐਪ ਦੀ ਮੂਲ ਕੰਪਨੀ ਮਹਾਦੇਵ ਬੇਟਿੰਗ ਐਪ ਹੈ, ਜੋ ਕਈ ਵੈੱਬਸਾਈਟਾਂ ਰਾਹੀਂ ਚਲਾਈ ਜਾਂਦੀ ਹੈ। ਇਹ ਇੱਕ ਸੱਟੇਬਾਜ਼ੀ ਐਪ ਹੈ, ਜਿਸ ਵਿੱਚ ਲੋਕ ਪੈਸਾ ਕਮਾਉਣ ਲਈ ਪੈਸਾ ਨਿਵੇਸ਼ ਕਰਦੇ ਹਨ। ਇਸ ਵੈੱਬਸਾਈਟ ਰਾਹੀਂ ਭਾਰਤ ਵਿੱਚ ਪੋਕਰ, ਕ੍ਰਿਕਟ, ਬੈਡਮਿੰਟਨ, ਫੁੱਟਬਾਲ ਵਰਗੀਆਂ ਖੇਡਾਂ ਵਿੱਚ ਪੈਸਾ ਲਗਾਇਆ ਜਾਂਦਾ ਹੈ। ਇਸ ਨੂੰ ਆਨਲਾਈਨ ਜੂਆ ਕਿਹਾ ਜਾ ਸਕਦਾ ਹੈ। ਇਸ ਸੱਟੇਬਾਜ਼ੀ ਐਪ ਦਾ ਮੁੱਖ ਦਫ਼ਤਰ ਯੂਏਈ ਵਿੱਚ ਹੈ।
ਇਸ ਐਪ ਨੂੰ ਸੌਰਭ ਚੰਦਰਾਕਰ ਨੇ ਸਾਲ 2019 ਵਿੱਚ ਸ਼ੁਰੂ ਕੀਤਾ ਸੀ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਹਜ਼ਾਰਾਂ ਕਰੋੜ ਰੁਪਏ ਦਾ ਗੈਰ-ਕਾਨੂੰਨੀ ਸੱਟੇਬਾਜ਼ੀ ਦਾ ਸਾਮਰਾਜ ਬਣਾਉਣ ਵਾਲਾ ਸੌਰਭ ਚੰਦਰਾਕਰ ਛੱਤੀਸਗੜ੍ਹ ਦੇ ਭਿਲਾਈ ਵਿੱਚ ਇੱਕ ਛੋਟੀ ਜਿਹੀ ਜੂਸ ਦੀ ਦੁਕਾਨ ਚਲਾਉਂਦਾ ਸੀ। ਸਾਲ 2017 'ਚ ਸੌਰਭ ਨੇ ਰਵੀ ਉੱਪਲ ਨਾਂ ਦੇ ਵਿਅਕਤੀ ਨਾਲ ਮਿਲ ਕੇ ਵੈੱਬਸਾਈਟ ਤਿਆਰ ਕੀਤੀ। ਹੌਲੀ-ਹੌਲੀ ਲੋਕ ਇਸ ਆਨਲਾਈਨ ਜੂਏ ਨੂੰ ਪਸੰਦ ਕਰਨ ਲੱਗੇ। ਸਾਲ 2019 'ਚ ਸੌਰਭ ਦੁਬਈ ਗਿਆ ਅਤੇ ਉੱਥੋਂ ਨੈੱਟਵਰਕ ਚਲਾਉਣਾ ਸ਼ੁਰੂ ਕਰ ਦਿੱਤਾ।
ਹੋਰ ਪੜ੍ਹੋ : ਸ਼ੈਰੀ ਮਾਨ ਨੇ ਗਿਟਾਰ ਦੀ ਧੁਨ 'ਤੇ ਗਾਇਆ ਆਪਣਾ ਸੁਪਰਹਿੱਟ ਗੀਤ, ਵੇਖੋ ਵੀਡੀਓ
ਪਿਛਲੇ ਸਾਲ, ਉਸਨੇ ਦੁਬਈ ਵਿੱਚ ਬਹੁਤ ਧੂਮਧਾਮ ਨਾਲ ਵਿਆਹ ਕੀਤਾ ਅਤੇ ਇੱਕ ਚਾਰਟਰਡ ਜਹਾਜ਼ ਵਿੱਚ ਲਗਭਗ 17 ਬਾਲੀਵੁੱਡ ਮਸ਼ਹੂਰ ਹਸਤੀਆਂ ਨੂੰ ਬੁਲਾਇਆ, ਜਿੱਥੇ ਉਸਦੀ ਸਟੇਜ ਪ੍ਰਦਰਸ਼ਨ ਵੀ ਹੋਇਆ। ਇਲਜ਼ਾਮ ਹੈ ਕਿ ਇਸ ਪਰਫਾਰਮੈਂਸ ਦੇ ਬਦਲੇ ਉਨ੍ਹਾਂ ਨੂੰ ਨਾ ਸਿਰਫ ਫੀਸ ਦੇ ਰੂਪ 'ਚ ਕਰੋੜਾਂ ਰੁਪਏ ਦਿੱਤੇ ਗਏ, ਸਗੋਂ ਕਈ ਬਾਲੀਵੁੱਡ ਕਲਾਕਾਰਾਂ ਨੂੰ ਉਨ੍ਹਾਂ ਦੀ ਮਹਾਦੇਵ ਸੱਟੇਬਾਜ਼ੀ ਐਪ ਨੂੰ ਸਪੋਰਟ ਕਰਨ ਦੀ ਬੇਨਤੀ ਵੀ ਕੀਤੀ ਗਈ।