ਜਸਪਿੰਦਰ ਨਰੂਲਾ (Jaspinder Narula) ਪੰਜਾਬੀ ਇੰਡਸਟਰੀ ਦੇ ਪ੍ਰਮੁੱਖ ਸਿਤਾਰਿਆਂ ਚੋਂ ਇੱਕ ਹਨ ।ਉਨ੍ਹਾਂ ਨੇ ਬਹੁਤ ਹੀ ਛੋਟੀ ਉਮਰ ‘ਚ ਆਪਣੇ ਕਰੀਅਰ ਦੀ ਸ਼ੁਰੂਆਤ ਕਰ ਦਿੱਤੀ ਸੀ । ਘਰ ‘ਚ ਸੰਗੀਤਕ ਮਹੌਲ ਹੋਣ ਦੇ ਕਾਰਨ ਗਾਇਕੀ ਦੀ ਗੁੜ੍ਹਤੀ ਉਨ੍ਹਾਂ ਨੂੰ ਆਪਣੇ ਘਰੋਂ ਹੀ ਮਿਲੀ ਸੀ । ਉਨ੍ਹਾਂ ਨੇ ਜਿੱਥੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ,ਉੱਥੇ ਹੀ ਉਨ੍ਹਾਂ ਨੇ ਬਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਗੀਤਾਂ ਵੀ ਦਿੱਤੇ । ਜਸਪਿੰਦਰ ਨਰੂਲਾ ਦੇ ਮਾਪੇ ਵੀ ਵਧੀਆ ਗਾਇਕ ਸਨ ਅਤੇ ਘਰ ‘ਚ ਪਿਆਰ ਦੇ ਨਾਲ ਉਨ੍ਹਾਂ ਨੂੰ ਜੱਸੀ ਕਹਿ ਕੇ ਬੁਲਾਉਂਦੇ ਸਨ ।
ਹੋਰ ਪੜ੍ਹੋ : ਗੁਰਦਾਸ ਮਾਨ ਦੇ ਨਵੇਂ ਗੀਤ ‘ਮੈਂ ਹੀ ਝੂਠੀ ਦਾ ਟੀਜ਼ਰ ਰਿਲੀਜ਼, ਸਰੋਤਿਆਂ ਦਾ ਮਿਲਿਆ ਭਰਵਾਂ ਹੁੰਗਾਰਾ
ਜਸਪਿੰਦਰ ਨਰੂਲਾ ‘ਚ ਗਾਇਕੀ ਦੇ ਗੁਣ ਬਚਪਨ ‘ਚ ਹੀ ਨਜ਼ਰ ਆਉਣ ਲੱਗ ਪਏ ਸਨ ਅਤੇ ਇੱਕ ਦਿਨ ਜਸਪਿੰਦਰ ਦੇ ਮਾਪਿਆਂ ਨੇ ਉਨ੍ਹਾਂ ਨੂੰ ਗਾਉਣ ਦੇ ਲਈ ਆਖਿਆ ਤਾਂ ਧੀ ਦੇ ਵੱਲੋਂ ਗਾਇਆ ਗੀਤ ਸੁਣ ਕੇ ਉਸ ਦੇ ਮਾਪੇ ਵੀ ਹੈਰਾਨ ਰਹਿ ਗਏ ਅਤੇ ਉਨ੍ਹਾਂ ਨੇ ਧੀ ਨੂੰ ਜੈਪੁਰ ਘਰਾਣੇ ਦੇ ਪੰਡਤ ਸੀਤਾ ਰਾਮ ਕੋਲ ਸ਼ਾਸਤਰੀ ਸੰਗੀਤ ਸਿੱਖਣ ਦੇ ਲਈ ਭੇਜਿਆ ਗਿਆ।
ਇਸ ਤੋਂ ਇਲਾਵਾ ਜਸਪਿੰਦਰ ਨਰੂਲਾ ਨੇ ਗਾਇਕੀ ਦੀਆਂ ਬਾਰੀਕੀਆਂ ਮੁਸ਼ਤਾਕ ਹੁਸੈਨ ਖ਼ਾਨ ਅਤੇ ਗੁਲਾਮ ਸਾਦਿਕ ਖ਼ਾਨ ਤੋਂ ਵੀ ਸਿੱਖੀਆਂ ।
ਚੰਡੀਗੜ੍ਹ ‘ਚ ਹੋਇਆ ਸੀ ਜਨਮ
ਜਸਪਿੰਦਰ ਨਰੂਲਾ ਦਾ ਜਨਮ ਚੰਡੀਗੜ੍ਹ ‘ਚ 1970 ‘ਚ ਹੋਇਆ ਸੀ ਅਤੇ ਉਨ੍ਹਾਂ ਦੇ ਪਿਤਾ ਵੀ ਕੇ ਐੱਸ ਨਰੂਲਾ ਇੰਡਸਟਰੀ ਦੇ ਮੰਨੇ ਪ੍ਰਮੰਨੇ ਗਾਇਕ ਸਨ। ਜਸਪਿੰਦਰ ਨਰੂਲਾ ਨੇ ਆਪਣੀ ਉਚੇਰੀ ਸਿੱਖਿਆ ਦਿੱਲੀ ‘ਚ ਹੀ ਪੂਰੀ ਕੀਤੀ ਅਤੇ PHDਦੀ ਡਿਗਰੀ ਵੀ ਕੀਤੀ । ਅੱਠ ਸਾਲ ਦੀ ਉਮਰ ‘ਚ ਉਨ੍ਹਾਂ ਨੇ ਗਾਉਣਾ ਸ਼ੁਰੂ ਕਰ ਦਿੱਤਾ ਸੀ ।
ਬਾਲੀਵੁੱਡ ‘ਚ ਉਨ੍ਹਾਂ ਨੂੰ ਕਲਿਆਣ ਜੀ ਨੇ ਗਾਉਣ ਦਾ ਮੌਕਾ ਦਿਵਾਇਆ । ਫ਼ਿਲਮ ‘ਜੁਦਾਈ’ ‘ਚ ਵੀ ਉਨ੍ਹਾਂ ਨੂੰ ਗਾਉਣ ਦਾ ਮੌਕਾ ਮਿਲਿਆ ਅਤੇ ਉਸ ਤੋਂ ਬਾਅਦ ਗਾਇਕਾ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ। ਇਸ ਤੋਂ ਬਾਅਦ ਤਾਂ ਜਸਪਿੰਦਰ ਕੋਲ ਫ਼ਿਲਮਾਂ ‘ਚ ਗੀਤ ਗਾਉਣ ਦੀ ਲਾਈਨ ਜਿਹੀ ਲੱਗ ਗਈ ਸੀ ।
ਮਨਮੋਹਨ ਨਾਲ ਮੁਲਾਕਾਤ
ਜਸਪਿੰਦਰ ਨਰੂਲਾ ਦੇ ਮਾਪੇ ਜੋ ਕਿ ਕੈਨੇਡਾ ‘ਚ ਹੀ ਰਹਿੰਦੇ ਸਨ ਅਤੇ ਅਕਸਰ ਗਾਇਕਾ ਮਾਪਿਆਂ ਕੋਲ ਉੱਥੇ ਜਾਂਦੀ ਹੀ ਰਹਿੰਦੀ ਸੀ । ਉੱਥੇ ਹੀ ਉਨ੍ਹਾਂ ਦੀ ਮੁਲਾਕਾਤ ਮਨਮੋਹਨ ਨਾਂਅ ਦੇ ਸ਼ਖਸ ਦੇ ਨਾਲ ਹੋਈ ।ਜੋ ਕਿ ਪਹਿਲਾਂ ਤੋਂ ਹੀ ਵਿਆਹਿਆ ਹੋਇਆ ਸੀ ਅਤੇ ਦੋਵਾਂ ਨੇ ਲੰਮੇ ਸਮੇਂ ਤੱਕ ਇੱਕ ਦੂਜੇ ਨੂੰ ਡੇਟ ਕੀਤਾ । ਜਸਪਿੰਦਰ ਨੇ 2002 ‘ਚ ਮਨਮੋਹਨ ਦੇ ਨਾਲ ਵਿਆਹ ਕਰਵਾ ਲਿਆ।
ਵਿਆਹ ਤੋਂ ਬਾਅਦ ਜਸਪਿੰਦਰ ਜ਼ਿਆਦਾ ਸਮਾਂ ਕੈਨੇਡਾ ਹੀ ਗੁਜ਼ਾਰਨ ਲੱਗੀ ਅਤੇ ਇਸ ਦਾ ਅਸਰ ਉਨ੍ਹਾਂ ਦੇ ਕਰੀਅਰ ‘ਤੇ ਵੀ ਪਿਆ । ਫ਼ਿਲਮਾਂ ‘ਚ ਕੰਮ ਵੀ ਘੱਟ ਮਿਲਣ ਲੱਗਿਆ । ਜਦੋਂ ਤੱਕ ਜਸਪਿੰਦਰ ਮੁੜ ਤੋਂ ਇੰਡਸਟਰੀ ‘ਚ ਸਰਗਰਮ ਹੁੰਦੀ ਉਦੋਂ ਤੱਕ ਬਹੁਤ ਦੇਰ ਹੋ ਗਈ ਸੀ ।
ਵਿਆਹ ਤੋਂ ਸੱਤ ਸਾਲ ਬਾਅਦ ਖ਼ਬਰਾਂ ਇਹ ਆਈਆਂ ਕਿ ਜਸਪਿੰਦਰ ਨਰੂਲਾ ਦਾ ਪਤੀ ਨਾਲ ਮਨ ਮੁਟਾਅ ਹੋ ਗਿਆ । ਪਰ ਜਸਪਿੰਦਰ ਨਰੂਲਾ ਨੇ ਇਨ੍ਹਾਂ ਖਬਰਾਂ ਦਾ ਖੰਡਨ ਕੀਤਾ ਅਤੇ ਕੁਝ ਸਮੇਂ ਬਾਅਦ ਗਾਇਕਾ ਦੋ ਬੱਚਿਆਂ ਦੀ ਮਾਂ ਬਣੀ । ਇਸ ਤਰ੍ਹਾਂ ਇੱਕ ਕਾਮਯਾਬ ਗਾਇਕਾ ਦਾ ਕਿਤੇ ਨਾ ਕਿਤੇ ਕਰੀਅਰ ਅਰਸ਼ ਤੋਂ ਫਰਸ਼ ‘ਤੇ ਆ ਗਿਆ ।