Hibox App Fraud Case : ਹਿਬਾਕਸ ਐਪ ਫਰਾਡ ਮਾਮਲੇ 'ਚ ਕਈ YouTubers ਅਤੇ ਫਿਲਮੀ ਸਿਤਾਰਿਆਂ ਦੇ ਨਾਂ ਵੀ ਜੁੜੇ ਹਨ। ਇਸ ਵਿੱਚ ਬਾਲੀਵੁੱਡ ਅਦਾਕਾਰਾ ਰੀਆ ਚੱਕਰਵਰਤੀ ਦਾ ਵੀ ਨਾਂ ਹੈ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ IFSO (ਇੰਟੈਲੀਜੈਂਸ ਫਿਊਜ਼ਨ ਐਂਡ ਸਟ੍ਰੈਟਜਿਕ ਆਪਰੇਸ਼ਨਜ਼) ਨੇ ਇਸ ਮਾਮਲੇ 'ਚ ਰੀਆ ਨੂੰ ਨੋਟਿਸ ਜਾਰੀ ਕੀਤਾ ਹੈ। ਇਸ ਧੋਖਾਧੜੀ ਮਾਮਲੇ 'ਚ ਰੀਆ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਰੀਆ ਅਤੇ ਕਈ ਹੋਰ YouTubers ਨੇ Hibox ਐਪ ਦਾ ਪ੍ਰਚਾਰ ਕੀਤਾ ਅਤੇ ਲੋਕਾਂ ਨੂੰ ਇਸ ਐਪ ਵਿੱਚ ਨਿਵੇਸ਼ ਕਰਨ ਲਈ ਪ੍ਰੇਰਿਤ ਕੀਤਾ। ਇਸ ਦੇ ਨਾਲ ਹੀ ਇਸ ਐਪ ਨੇ ਨਿਵੇਸ਼ਕਾਂ ਨੂੰ ਰੋਜ਼ਾਨਾ ਵੱਧ ਵਿਆਜ ਦੇਣ ਦਾ ਵਾਅਦਾ ਕਰਕੇ ਕਰੀਬ 30 ਹਜ਼ਾਰ ਲੋਕਾਂ ਨਾਲ ਠੱਗੀ ਮਾਰੀ ਹੈ। ਜਾਂਚ 'ਚ ਕਰੀਬ 500 ਕਰੋੜ ਰੁਪਏ ਦੀ ਧੋਖਾਧੜੀ ਦਾ ਖੁਲਾਸਾ ਹੋਇਆ ਹੈ। ਅਜਿਹੇ 'ਚ ਦਿੱਲੀ ਪੁਲਸ ਉਨ੍ਹਾਂ ਸਾਰੇ ਸੈਲੇਬਸ ਤੋਂ ਪੁੱਛਗਿੱਛ ਕਰ ਰਹੀ ਹੈ, ਜਿਨ੍ਹਾਂ ਨੇ ਇਸ ਐਪ ਨੂੰ ਪ੍ਰਮੋਟ ਕੀਤਾ ਸੀ।
ਰੀਆ ਚੱਕਰਵਰਤੀ ਨੂੰ ਇਸ ਦਿਨ ਹੋਣਾ ਪਵੇਗਾ ਹਾਜ਼ਰ
ਰੀਆ ਚੱਕਰਵਰਤੀ ਨੂੰ ਸੰਮਨ ਜਾਰੀ ਕਰਕੇ 9 ਅਕਤੂਬਰ ਨੂੰ ਦਿੱਲੀ ਦੇ ਦਵਾਰਕਾ ਸਥਿਤ ਸਾਈਬਰ ਸੈੱਲ IFSO ਦਫ਼ਤਰ 'ਚ ਪੁੱਛਗਿੱਛ ਲਈ ਬੁਲਾਇਆ ਗਿਆ ਹੈ। ਦੇਖਣਾ ਇਹ ਹੋਵੇਗਾ ਕਿ ਇਸ ਮਾਮਲੇ 'ਚ ਹੋਰ ਕੀ ਸਾਹਮਣੇ ਆਉਂਦਾ ਹੈ। ਇਸ ਤੋਂ ਪਹਿਲਾਂ ਇਹ ਜਾਣਕਾਰੀ ਸਾਹਮਣੇ ਆਈ ਸੀ ਕਿ ਰੀਆ ਚੱਕਰਵਰਤੀ ਦੇ ਨਾਲ-ਨਾਲ ਕਾਮੇਡੀਅਨ ਭਾਰਤੀ ਸਿੰਘ ਨੂੰ ਵੀ ਪੁੱਛਗਿੱਛ ਲਈ ਬੁਲਾਇਆ ਜਾ ਸਕਦਾ ਹੈ। ਹਾਲਾਂਕਿ ਅਜੇ ਤੱਕ ਉਸ ਨੂੰ ਸੰਮਨ ਨਹੀਂ ਭੇਜਿਆ ਗਿਆ ਹੈ।
Hibox ਐਪ ਦਾ ਮਾਸਟਰਮਾਈਂਡ
Hibox ਐਪ ਰਾਹੀਂ ਲੋਕਾਂ ਨਾਲ ਠੱਗੀ ਮਾਰਨ ਵਾਲਾ ਮਾਸਟਰਮਾਈਂਡ ਪੁਲਿਸ ਦੀ ਗ੍ਰਿਫ਼ਤ ਵਿੱਚ ਹੈ। ਪੁਲਿਸ ਨੇ ਉਸ ਨੂੰ ਕੁਝ ਦਿਨ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਸੀ। ਉਸਦੇ ਚਾਰ ਬੈਂਕ ਖਾਤਿਆਂ ਵਿੱਚ ਮੌਜੂਦ 18 ਕਰੋੜ ਰੁਪਏ ਵੀ ਜ਼ਬਤ ਕਰ ਲਏ ਗਏ ਹਨ। ਉਹ ਨਿਵੇਸ਼ਕਾਂ ਨੂੰ ਜਮ੍ਹਾਂ ਰਕਮ 'ਤੇ 1 ਫੀਸਦੀ ਤੋਂ 5 ਫੀਸਦੀ ਰੋਜ਼ਾਨਾ ਵਿਆਜ ਦੇਣ ਦਾ ਵਾਅਦਾ ਕਰਕੇ ਠੱਗੀ ਕਰਦਾ ਸੀ।
ਰੀਆ ਚੱਕਰਵਰਤੀ ਤੋਂ ਪਹਿਲਾਂ ਇਸ ਮਾਮਲੇ 'ਚ ਕੁਝ ਯੂਟਿਊਬਰਾਂ ਨੂੰ ਨੋਟਿਸ ਵੀ ਜਾਰੀ ਕੀਤਾ ਗਿਆ ਹੈ। ਉਨ੍ਹਾਂ YouTubers ਵਿੱਚ ਦੋ ਵੱਡੇ ਨਾਮ 'ਬਿੱਗ ਬੌਸ ਓਟੀਟੀ 2' ਫੇਮ ਐਲਵਿਸ਼ ਯਾਦਵ ਅਤੇ ਅਭਿਸ਼ੇਕ ਮਲਹਾਨ (ਫੁਕਰਾ ਇੰਸਾਨ) ਹਨ। ਇਨ੍ਹਾਂ ਦੋਵਾਂ ਤੋਂ ਇਲਾਵਾ ਪੂਰਵ ਝਾਅ ਅਤੇ ਲਕਸ਼ੈ ਚੌਧਰੀ ਨੂੰ ਵੀ ਨੋਟਿਸ ਜਾਰੀ ਕੀਤਾ ਗਿਆ ਸੀ।