Happy Birthday Divya Dutta : ਬਾਲੀਵੁੱਡ ਅਦਾਕਾਰਾ ਦਿਵਿਆ ਦੱਤਾ ਅੱਜ ਆਪਣਾ ਜਨਮਦਿਨ ਮਨਾ ਰਹੀ ਹੈ। 47 ਸਾਲਾਂ ਅਦਾਕਾਰਾ ਇੱਕ ਸਫਲ ਅਭਿਨੇਤਰੀ ਹੋਣ ਦੇ ਨਾਲ-ਨਾਲ ਆਪਣੀ ਖੂਬਸੂਰਤੀ ਨੂੰ ਲੈ ਕੇ ਵੀ ਚਰਚਾ 'ਚ ਰਹਿੰਦੀ ਹੈ। ਅੱਜ ਦਿਵਿਆ ਦੱਤਾ ਦੇ ਜਨਮਦਿਨ ਮੌਕੇ ਆਓ ਜਾਣਦੇ ਹਾਂ ਉਸ ਦੀ ਜ਼ਿੰਦਗੀ ਨਾਲ ਜੁੜੀਆਂ ਦਿਲਚਸਪ ਗੱਲਾਂ ਬਾਰੇ।
ਦਿਵਿਆ ਦੱਤਾ ਦਾ ਜਨਮ
ਦਿਵਿਆ ਦੱਤਾ ਦਾ ਜਨਮ ਸਾਲ 1977 'ਚ ਪੰਜਾਬ ਦੇ ਲੁਧਿਆਣਾ ਵਿਖੇ ਹੋਇਆ। ਦਿਵਿਆ ਨੇ ਹਿੰਦੀ, ਪੰਜਾਬੀ, ਮਲਿਆਲਮ ਅਤੇ ਅੰਗਰੇਜ਼ੀ ਫਿਲਮਾਂ ਵਿੱਚ ਕੰਮ ਕੀਤਾ ਹੈ। ਉਹ ਇੱਕ ਸਹਾਇਕ ਅਭਿਨੇਤਰੀ ਦੇ ਨਾਲ-ਨਾਲ ਬਾਲੀਵੁੱਡ ਦੀ ਇੱਕ ਚੰਗੀ ਅਦਾਕਾਰਾ ਵਜੋਂ ਵੀ ਦਰਸ਼ਕਾਂ ਦੇ ਦਿਲਾਂ 'ਚ ਖਾਸ ਥਾਂ ਬਣਾਈ ਹੈ।
ਮੁਸ਼ਕਲਾਂ ਨਾਲ ਭਰਿਆ ਬਚਪਨ
ਦਿਵਿਆ ਦਾ ਬਚਪਨ ਕਈ ਚੁਣੌਤੀਆਂ ਨਾਲ ਭਰਿਆ ਸੀ। ਜਦੋਂ ਉਹ ਮਹਿਜ਼ 7 ਸਾਲਾਂ ਦੀ ਸੀ ਤਾਂ ਉਸ ਦੇ ਪਿਤਾ ਦਾ ਦਿਹਾਂਤ ਹੋ ਗਿਆ। ਇਸ ਤੋਂ ਬਾਅਦ ਉਸ ਦੀ ਮਾਂ ਨੇ ਇਕੱਲੇ ਹੀ ਉਸ ਨੂੰ ਅਤੇ ਉਸ ਦੇ ਭਰਾ ਰਾਹੁਲ ਨੂੰ ਪਾਲਿਆ। ਦਿਵਿਆ ਦਾ ਬਚਪਨ ਲੁਧਿਆਣਾ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਬੀਤਿਆ, ਜਿੱਥੇ ਉਸ ਨੇ ਕਈ ਮੁਸ਼ਕਲਾਂ ਦਾ ਸਾਹਮਣਾ ਕੀਤਾ, ਪਰ ਹਮੇਸ਼ਾ ਆਪਣੀ ਮਾਂ ਤੋਂ ਪ੍ਰੇਰਨਾ ਲੈ ਕੇ ਅੱਗੇ ਵਧਦੀ ਰਹੀ।
ਕਿਡਨੈਪਿੰਗ ਦੇ ਖਤਰੇ ਤੋਂ ਬਾਲ ਬਾਲ ਬਚੀ ਦਿਵਿਆ
ਦਿਵਿਆ ਦੀ ਜ਼ਿੰਦਗੀ ਵਿੱਚ ਇੱਕ ਹੋਰ ਦਿਲਚਸਪ ਮੋੜ ਉਦੋਂ ਆਇਆ ਜਦੋਂ ਉਹ ਕਿਡਨੈਪਿੰਗ ਦੇ ਖਤਰੇ ਤੋਂ ਬਚ ਗਈ। ਇੱਕ ਵਾਰ ਉਸ ਦੇ ਘਰ ਧਮਕੀ ਭਰਿਆ ਪੱਤਰ ਆਇਆ, ਜਿਸ 'ਚ ਕਿਹਾ ਗਿਆ ਸੀ ਕਿ ਜੇਕਰ ਫਿਰੌਤੀ ਨਾ ਦਿੱਤੀ ਗਈ ਤਾਂ ਡਾਕਟਰ ਦੇ ਬੱਚਿਆਂ ਨੂੰ ਅਗਵਾ ਕਰ ਲਿਆ ਜਾਵੇਗਾ। ਉਸ ਦੀ ਮਾਂ ਨੇ ਆਪਣੀ ਜਾਨ ਖਤਰੇ 'ਚ ਪਾ ਕੇ ਉਸ ਨੂੰ ਇਸ ਖਤਰੇ ਤੋਂ ਬਚਾਇਆ। ਦਿਵਿਆ ਨੇ ਆਪਣੀ ਕਿਤਾਬ 'ਮੀ ਐਂਡ ਮਦਰ' 'ਚ ਇਸ ਘਟਨਾ ਦਾ ਜ਼ਿਕਰ ਕੀਤਾ ਹੈ, ਜਿਸ 'ਚ ਉਸ ਨੇ ਆਪਣੀ ਮਾਂ ਦੀ ਬਹਾਦਰੀ ਦਾ ਜ਼ਿਕਰ ਕੀਤਾ ਹੈ।
ਅਜੇ ਤੱਕ ਕਿਉਂ ਸਿੰਗਲ ਲਾਈਫ ਜੀ ਰਹੀ ਹੈ ਦਿਵਿਆ ਦੱਤਾ
ਦਿਵਿਆ ਦੱਤਾ ਅਜੇ ਤੱਕ ਸਿੰਗਲ ਲਾਈਫ ਜੀ ਰਹੀ ਹੈ। ਅਦਾਕਾਰਾ ਨੇ ਅਜੇ ਤੱਕ ਵਿਆਹ ਨਹੀਂ ਕਰਵਾਇਆ। ਮੀਡੀਆ ਰਿਪੋਟਸ ਦੇ ਮੁਤਾਬਕ ਸਾਲ 2005 'ਚ ਉਸ ਦੀ ਮੰਗਣੀ ਲੈਫਟੀਨੈਂਟ ਕਮਾਂਡਰ ਸੰਦੀਪ ਸ਼ੇਰਗਿੱਲ ਨਾਲ ਹੋਈ ਸੀ, ਪਰ ਕੁਝ ਨਿੱਜ਼ੀ ਕਾਰਨਾਂ ਕਰਕੇ ਇਹ ਮੰਗਣੀ ਟੁੱਟ ਗਈ। ਇਸ ਤੋਂ ਬਾਅਦ ਦਿਵਿਆ ਨੇ ਵਿਆਹ ਕਰਨ ਦਾ ਕੋਈ ਵਿਚਾਰ ਨਹੀਂ ਕੀਤਾ ਅਤੇ ਆਪਣੇ ਕਰੀਅਰ 'ਤੇ ਧਿਆਨ ਦਿੱਤਾ।
ਹੋਰ ਪੜ੍ਹੋ : Urmila Matondkar divorce: ਵਿਆਹ ਤੋਂ 8 ਸਾਲਾਂ ਬਾਅਦ ਉਰਮਿਲਾ ਮਾਤੋਡਕਰ ਲੈਣ ਜਾ ਰਹੀ ਹੈ ਤਲਾਕ, ਜਾਣੋ ਕਿਉਂ ?
ਦਿਵਿਆ ਦੱਤਾ ਦਾ ਫਿਲਮੀ ਸਫ਼ਰ
ਦਿਵਿਆ ਦੱਤਾ ਨੇ ਆਪਣੇ ਕਰੀਅਰ 'ਚ ਕਈ ਸਫਲ ਫਿਲਮਾਂ 'ਚ ਕੰਮ ਕੀਤਾ ਹੈ, ਜਿੱਥੇ ਉਨ੍ਹਾਂ ਨੂੰ ਆਪਣੀ ਅਦਾਕਾਰੀ ਦੀ ਤਾਰੀਫ ਮਿਲੀ ਹੈ। ਉਨ੍ਹਾਂ ਦੀਆਂ ਫਿਲਮਾਂ ''ਚ ''ਬਿਗ ਬ੍ਰਦਰ'', ''ਵੀਰ ਜ਼ਾਰਾ'' ਅਤੇ ''ਫੈਸ਼ਨ'' ਵਰਗੀਆਂ ਸਫਲਤਾਵਾਂ ਸ਼ਾਮਲ ਹਨ। ਦਿਵਿਆ ਦੱਤਾ ਦੀ ਕਹਾਣੀ ਸੰਘਰਸ਼, ਕੁਰਬਾਨੀ ਅਤੇ ਪ੍ਰੇਰਨਾ ਦੀ ਹੈ। ਉਨ੍ਹਾਂ ਦਾ ਜੀਵਨ ਇਸ ਗੱਲ ਦਾ ਸਬੂਤ ਹੈ ਕਿ ਮੁਸ਼ਕਲਾਂ ਕਦੇ ਵੀ ਸਫਲਤਾ ਦੇ ਰਾਹ ਵਿੱਚ ਰੁਕਾਵਟ ਨਹੀਂ ਬਣ ਸਕਦੀਆਂ।