Govinda Discharge from Hospital: ਬਾਲੀਵੁੱਡ ਐਕਟਰ ਗੋਵਿੰਦਾ ਨੂੰ ਹਾਲ ਹੀ 'ਚ ਉਨ੍ਹਾਂ ਦੀ ਲਾਇਸੈਂਸੀ ਰਿਵਾਲਵਰ ਨਾਲ ਲੱਤ 'ਚ ਗੋਲੀ ਲੱਗ ਗਈ ਸੀ, ਜਿਸ ਤੋਂ ਬਾਅਦ ਉਹ ਜ਼ਖਮੀ ਹੋ ਗਏ ਸਨ। ਲਗਾਤਾਰ 3 ਦਿਨ ਇਲਾਜ ਮਗਰੋਂ ਅਦਾਕਾਰ ਨੂੰ ਅੱਜ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਹਸਪਤਾਲ ਤੋਂ ਬਾਹਰ ਆਏ ਗੋਵਿੰਦਾ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ।
ਦੱਸ ਦਈਏ ਕਿ ਗੋਵਿੰਦਾ ਪਿਛਲੇ 3 ਦਿਨਾਂ ਤੋਂ ਹਸਪਤਾਲ 'ਚ ਜ਼ੇਰੇ ਇਲਾਜ ਦਾਖਲ ਸਨ। ਡਾਕਟਰਾਂ ਨੇ ਉਨ੍ਹਾਂ ਦੀ ਲੱਤ 'ਚੋਂ ਗੋਲੀ ਕੱਢ ਦਿੱਤੀ ਹੈ ਤੇ ਉਨ੍ਹਾਂ ਦੇ ਪੈਰ ਵਿੱਚ 8 ਤੋਂ 10 ਟਾਂਕੇ ਲੱਗੇ। ਹੁਣ ਅਦਾਕਾਰ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਜਿਵੇਂ ਹੀ ਅਭਿਨੇਤਾ ਬਾਹਰ ਆਏ, ਉਹ ਸਭ ਤੋਂ ਪਹਿਲਾਂ ਮੀਡੀਆ ਨੂੰ ਮਿਲੇ। ਇਸ ਦੌਰਾਨ ਗੋਵਿੰਦਾ ਨੂੰ ਵ੍ਹੀਲਚੇਅਰ 'ਤੇ ਬੈਠੇ ਦੇਖਿਆ ਗਿਆ।
ਗੋਵਿੰਦਾ ਨੇ ਫੈਨਜ਼ ਦਾ ਕੀਤਾ ਧੰਨਵਾਦ
ਗੋਵਿੰਦਾ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਬਾਹਰ ਆਏ ਤਾਂ ਇਸ ਦੌਰਾਨ ਉਨ੍ਹਾਂ ਦੀ ਪਤਨੀ ਸੁਨੀਤਾ ਵੀ ਉਨ੍ਹਾਂ ਦੇ ਨਾਲ ਸੀ। ਅਦਾਕਾਰ ਵ੍ਹੀਲਚੇਅਰ 'ਤੇ ਬੈਠੇ ਨਜ਼ਰ ਆ ਰਹੇ ਹਨ ਤੇ ਉਨ੍ਹਾਂ ਦੀ ਲੱਤ 'ਤੇ ਪਲਾਸਟਰ ਲਗਾ ਹੋਇਆ ਹੈ। ਇਸ ਦੌਰਾਨ ਉਨ੍ਹਾਂ ਨੇ ਚਿਹਰੇ 'ਤੇ ਮੁਸਕਰਾਹਟ ਦੇ ਨਾਲ ਸਾਰੇ ਪ੍ਰਸ਼ੰਸਕਾਂ ਦਾ ਸਵਾਗਤ ਕੀਤਾ ਅਤੇ ਹੱਥ ਜੋੜ ਕੇ ਧੰਨਵਾਦ ਕੀਤਾ।
ਗੋਵਿੰਦਾ ਦੀ ਪਤਨੀ ਨੇ ਉਨ੍ਹਾਂ ਸਿਹਤ ਬਾਰੇ ਪਹਿਲਾਂ ਅਪਡੇਟ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਡਾਕਟਰ ਨੇ ਅਭਿਨੇਤਾ ਨੂੰ 6 ਹਫਤਿਆਂ ਤੱਕ ਬੈਡ ਰੈਸਟ ਲਈ ਕਿਹਾ ਹੈ ਅਤੇ ਡਾਈਟ ਫਾਲੋ ਕਰਨ ਲਈ ਵੀ ਕਿਹਾ ਹੈ। ਉਸ ਨੇ ਕਿਹਾ- 'ਹੁਣ ਮੈਨੂੰ ਆਰਾਮ ਕਰਨਾ ਪਵੇਗਾ। ਉਹ ਇੰਨੇ ਸਾਲਾਂ ਤੋਂ ਨੱਚਦੇ ਅਤੇ ਗਾਉਂਦੇ ਹਨ ਇਸ ਲਈ ਹੁਣ ਉਨ੍ਹਾਂ ਨੂੰ ਆਰਾਮ ਕਰਨਾ ਹੈ।
ਹੋਰ ਪੜ੍ਹੋ : Navratri 2024 Day 2: ਜਾਣੋ ਮਾਂ ਬ੍ਰਹਮਚਾਰਿਣੀ ਬਾਰੇ ਖਾਸ ਗੱਲਾਂ, ਮਾਂ ਦੀ ਪੂਜਾ ਦਾ ਮਹੱਤਵ, ਸ਼ੁਭ ਸਮਾਂ, ਰੰਗ
ਗੋਵਿੰਦਾ ਨੂੰ ਕਿੰਝ ਲੱਗੀ ਗੋਲੀ
ਗੋਵਿੰਦਾ ਨਾਲ ਇਹ ਘਟਨਾ ਸਵੇਰੇ 4:45 ਵਜੇ ਵਾਪਰੀ। ਜਦੋਂ ਉਨ੍ਹਾਂ ਨੇ ਆਪਣਾ ਲਾਇਸੈਂਸੀ ਰਿਵਾਲਵਰ ਅਲਮਾਰੀ ਵਿੱਚ ਰੱਖਿਆ ਹੋਇਆ ਸੀ। ਅਭਿਨੇਤਾ ਦੇ ਮੈਨੇਜਰ ਸ਼ਸ਼ੀ ਸਿਨਹਾ ਨੇ ਕਿਹਾ, 'ਅਦਾਕਾਰ ਸਵੇਰੇ ਹੀ ਕੋਲਕਾਤਾ ਜਾਣ ਲਈ ਤਿਆਰ ਹੋ ਰਿਹਾ ਸੀ। ਉਹ ਆਪਣਾ ਲਾਇਸੈਂਸੀ ਰਿਵਾਲਵਰ ਅਲਮਾਰੀ ਵਿੱਚ ਰੱਖ ਰਿਹਾ ਸੀ। ਇਸ ਦੌਰਾਨ ਉਸ ਦੇ ਹੱਥ ਤੋਂ ਰਿਵਾਲਵਰ ਖਿਸਕ ਗਿਆ ਅਤੇ ਗੋਲੀ ਚੱਲ ਗਈ, ਜੋ ਉਸ ਦੀ ਲੱਤ ਗੋਡੇ ਤੋਂ ਹੇਠਾਂ ਜਾ ਲੱਗੀ। ਡਾਕਟਰ ਨੇ ਗੋਲੀ ਕੱਢ ਦਿੱਤੀ ਹੈ ਅਤੇ ਉਨ੍ਹਾਂ ਦੀ ਹਾਲਤ ਪਹਿਲਾਂ ਨਾਲ ਠੀਕ ਹੈ। ਫਿਲਹਾਲ ਉਹ ਹਸਪਤਾਲ 'ਚ ਜ਼ੇਰੇ ਇਲਾਜ ਭਰਤੀ ਹਨ।